ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਰਿਹਾ ਹੈ ਕਿ ਤੂੰ ਕਿਉਂ ਨਹੀਂ ਸੀ ਕਦੇ ਕੋਈ ਚਿੱਠੀ ਲਿਖਵਾ ਕੇ ਏਧਰ ਭੇਜੀ। ਕੀਹਨੂੰ ਭੇਜਦਾ ਤੂੰ ਚਿੱਠੀ? ਕੌਣ ਸੀ ਏਧਰ ਤੇਰਾ? ਤੇਰੇ ਮਨ ਵਿੱਚ ਇੱਕ ਕੰਡਾ, ਜੋ ਚੁਭ ਗਿਆ ਸੀ, ਉਸ ਦੀ ਪੀੜ ਨੇ ਤੈਨੂੰ ਏਧਰਲਾ ਸ਼ਾਇਦ ਸਭ ਕੁਝ ਭੁਲਾ ਦਿੱਤਾ ਹੋਵੇਗਾ।
ਤੇ ਫਿਰ ਹੋਰ ਕਈ ਸਾਲਾਂ ਤੋਂ ਬਾਅਦ ਤਾਂ ਚਿੱਠੀਆਂ ਦਾ ਸਿਸਸਿਲਾਂ ਉਂਝ ਹੀ ਬੰਦ ਹੋ ਗਿਆ ਸੀ।
ਹੁਣ ਤੇਰਾ ਕੋਈ ਪਤਾ ਨਹੀਂ। ਤੂੰ ਕਿੱਥੇ ਹੈਂ? ਕਿਸ ਹਾਲ ਵਿੱਚ ਹੈਂ? ਕੀ ਕਰਦਾ ਹੈਂ? ਜਿਉਂਦਾ ਵੀ ਹੈ ਕਿ ...? ਚਾਚੀ ਅੱਲਾ ਰੱਖੀ ਤਾਂ ਉਦੋਂ ਹੀ ਲਿੱਸੀ ਜਿਹੀ ਹੁੰਦੀ ਸੀ।
ਤੈਂ ਇੱਕ ਬੱਕਰੀ ਲੈ ਰੱਖੀ ਸੀ। ਲਵੇਰੀ ਬੱਕਰੀ। ਘਰ ਵਿੱਚ ਦੁੱਧ ਆਮ ਸੀ। ਦੋਵੇਂ ਵੇਲੇ ਖੁੱਲ੍ਹੀ ਚਾਹ ਹੁੰਦੀ ਸੀ। ਭਾਵੇਂ ਤਿੰਨ ਵੇਲੇ ਵੀ ਕਰ ਲੈਂਦੇ। ਤੇ ਫਿਰ ਬੱਕਰੀ, ਜਦ ਮਰਜ਼ੀ ਚੋਅ ਲਵੋ। ਸਦੀਕ ਬੱਕਰੀ ਚਾਰਨ ਜਾਇਆ ਕਰਦਾ ਤੇ ਰਮਜ਼ਾਨ ਖੇਤਾਂ ਵਿੱਚ ਦਿਹਾੜੀ ਕਰਦਾ। ਤੂੰ ਤਾਂ ਬੱਸ ਅੱਲਾ ਖ਼ੈਰ, ਅੱਲਾ ਖੈਰ। ਪਰ ਸ਼ਾਮ ਨੂੰ ਜਦੋਂ ਤੁਸੀਂ ਇਕੱਠੇ ਹੁੰਦੇ ਸੀ, ਇੱਕ ਮਹਿਫ਼ਲ ਲੱਗ ਜਾਂਦੀ ਸੀ। ਇਸ ਮਹਿਫ਼ਲ ਵਿੱਚ ਮੈਂ ਵੀ ਸ਼ਾਮਲ ਹੁੰਦਾ ਸਾਂ। ਸਦੀਕ ਦੀ ਉਮਰ ਦਾ ਹੀ ਤਾਂ ਮੈਂ ਸੀ। ਤੂੰ ਸਾਨੂੰ ਨਵੇਂ-ਨਵੇਂ ਗੀਤ ਸਿਖਾਉਂਦਾ। ਉਨ੍ਹਾਂ ਦੀਆਂ ਤਰਜ਼ਾਂ ਸਮਝਾਉਂਦਾ ਤੇ ਫਿਰ ਸਾਡੇ ਮੂੰਹੋਂ ਇਕੱਲੇ ਇਕੱਲੇ ਤੋਂ ਗਵਾ ਕੇ ਸਾਡੇ ਸਵਰਾਂ ਨੂੰ ਤਰਾਸ਼ਦਾ। ‘ਰਾਂਝਾ ਜੋਗੀੜਾ ਬਣ ਆਇਆ’ ਵਾਲਾ ਗੀਤ ਤੈਨੂੰ ਚੰਗਾ ਲੱਗਦਾ ਸੀ। ਘੱਟੋ ਘੱਟ ਇੱਕ ਵਾਰੀ ਰੋਜ਼ ਇਸ ਦੀ ਮਸ਼ਕ ਤੂੰ ਸਾਨੂੰ ਕਰਵਾਉਂਦਾ। ਇਹ ਗੀਤ ਤੇਰੇ ਮੂੰਹੋਂ ਸਜਦਾ ਵੀ ਬੜਾ ਸੀ। ਜਦ ਅਸੀਂ ਤਿੰਨੇ ਮਿਲ ਕੇ ਇਸ ਨੂੰ ਗਾਉਂਦੇ ਤਾਂ ਸ਼ਾਇਦ ਸਾਡੇ ਮੂੰਹੋਂ ਵੀ ਜਚਦਾ ਹੋਵੇਗਾ। ਇਕੱਲੇ ਇਕੱਲੇ ਜਦੋਂ ਅਸੀਂ ਗਾਉਂਦੇ ਤਾਂ ਸਦੀਕ ਸਭ ਤੋਂ ਵਧੀਆਂ ਰਹਿੰਦਾ। ਦੂਜੇ ਨੰਬਰ 'ਤੇ ਮੈਂ ਆਉਂਦਾ ਤੇ ਤੀਜੇ ’ਤੇ ਰਮਜ਼ਾਨ। ਰਮਜ਼ਾਨ ਨੂੰ ਤੂੰ ਕਹਿੰਦਾ ਹੁੰਦਾ-ਤੂੰ ਕਿਸੇ ਮਰਾਸਣ ਨੇ ਨਹੀਂ ਜੰਮਿਆ ਬੇਈਮਾਨ। ਪਾਟੇ ਨੜੇ ਵਰਗਾ ਬੋਲ ਪਤਾ ਨਹੀਂ ਕਿੱਥੋਂ ਲੈ ਔਨੈ।’ ਤੇ ਫਿਰ ਉਸ ਦੀ ਨਕਲ ਉਤਾਰਦਾ ਸੈਂ .....‘ਰਾ..... ਝਾ।’
ਮੈਂ ਸਕੂਲ ਵਿੱਚ ਪੜ੍ਹਦਾ ਸਾਂ। ਮੇਰੇ ਪਿਓ ਨੇ ਬਹੁਤ ਵਾਰੀ ਆਖਿਆ ਸੀ ਕਿ ਤੂੰ ਸਦੀਕ ਨੂੰ ਮੇਰੇ ਨਾਲ ਭੇਜ ਦਿਆ ਕਰੇਂ। ਸਦੀਕ ਆਪ ਵੀ ਚਾਹੁੰਦਾ ਸੀ, ਪੜ੍ਹੇ। ਪਰ ਤੂੰ ਮੇਰੇ ਪਿਓ ਨੂੰ ਹੱਸ ਕੇ ਸਦਾ ਹੀ ਟਾਲਦਾ ਰਿਹਾ-"ਪਰਭਾ, ਅਸੀਂ ਪੜ੍ਹਾਈਆਂ ਤੋਂ ਕੀ ਲੈਣੇ। ਸਾਡਾ ਤਾਂ ਬੱਸ ਅੱਲਾ ਅੱਲਾ,ਖ਼ੈਰ ਸੱਲਾ।’
ਇੱਕ ਦਿਨ ਚੋਰੀਓ ਮੈਂ ਸਦੀਕ ਨੂੰ ਆਪਣੇ ਨਾਲ ਸਕੂਲ ਲੈ ਗਿਆ ਸਾਂ। ਉਸ ਦਿਨ ਉਸ ਦਾ ਜੀਅ ਸਕੂਲ ਵਿੱਚ ਬਹੁਤ ਲੱਗਿਆ ਸੀ। ਉਹ ਮੇਰੇ ’ਤੇ ਰਸ਼ਕ ਕਰਦਾ ਸੀ। ਉਸ ਨੂੰ ਪਤਾ ਜੋ ਸੀ ਕਿ ਉਸ ਦੇ ਅੱਬਾ ਨੇ ਤਾਂ ਉਸ ਤੋਂ ਬੱਕਰੀ ਹੀ ਚਰਵਾਉਣੀ ਹੈ।
ਜਦ, ਤੂੰ ਸਾਨੂੰ ਗਾਉਣ ਸਿਖਾਇਆ ਕਰਦਾ ਸੈਂ, ਤੂੰ ਕਿਹੜਾ ਚਾਹੁੰਦਾ ਸੈਂ ਕਿ ਅਸੀਂ ਕੋਈ ਵੱਡੇ ਗਵੱਈਏ ਬਣੀਏ। ਸਦੀਕ ਨੇ ਤਾਂ ਬੱਕਰੀ ਹੀ ਚਾਰਨੀ ਸੀ ਤੇ ਵੱਡਾ ਹੋ ਕੇ ਪਤਾ ਨਹੀਂ ਕੀ ਕੰਮ ਕਰਨਾ ਸੀ। ਰਮਜ਼ਾਨ ਨੇ ਤਾਂ ਖੇਤਾਂ ਵਿੱਚ ਦਿਹਾੜੀ ਹੀ ਕਰਨੀ ਸੀ ਤੇ ਸਾਰੀ ਉਮਰ ਕਰਨੀ ਸੀ ਤੇ ਮੇਰੇ ਬਾਰੇ ਤੇਰਾ ਕੀ ਵਿਚਾਰ ਸੀ? ਮੈਨੂੰ ਹੁਣ ਵੀ ਪਤਾ ਨਹੀਂ ਕਿ ਤੂੰ ਮੈਨੂੰ ਵੀ ਕਿਉਂ ਗਾਉਣਾ ਸਿਖਾਉਂਦਾ ਸੈਂ?

ਚਾਚਾ ਜਾਵੇਦ

51