ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/52

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤੁਹਾਡੇ ਪਾਕਿਸਤਾਨ ਚਲੇ ਜਾਣ ਤੋਂ ਬਾਅਦ ਮੈਂ ਸਕੂਲ ਵਿੱਚ ਪੜ੍ਹਦਾ ਹੀ ਰਿਹਾ ਸਾਂ। ਗਾਉਣ ਵੱਲ ਮੇਰਾ ਬਹੁਤ ਧਿਆਨ ਰਹਿੰਦਾ। ਸਕੂਲ ਵਿੱਚ ਸ਼ਾਇਦ ਮੈਨੂੰ ਇਸ ਕਰਕੇ ਹੀ ਬਹੁਤਾ ਚਾਹਿਆ ਜਾਂਦਾ ਸੀ, ਕਿਉਂਕਿ ਮੈਂ ਗਾਉਂਦਾ ਬਹੁਤ ਵਧੀਆ ਸਾਂ। ਮੁੰਡੇ, ਮਾਸਟਰ ਤੇ ਹੈੱਡਮਾਸਟਰ ਮੇਰੀ ਕਦਰ ਕਰਦੇ ਸਨ। ਬਾਹਰਲੇ ਸਕੂਲਾਂ ਵਿੱਚ ਜਦੋਂ ਕਦੇ ਗੀਤਾਂ ਦੇ ਮੁਕਾਬਲੇ ਹੁੰਦੇ, ਸਾਡਾ ਸਕੂਲ ਹੀ ਫਸਟ ਆਉਂਦਾ। ਮੈਂ ਦਸਵੀਂ ਪਾਸ ਕਰ ਗਿਆ ਸਾਂ। ਨੇੜੇ ਦੇ ਸ਼ਹਿਰ ਕਾਲਜ ਵਿੱਚ ਦਾਖ਼ਲ ਵੀ ਹੋਇਆ ਸੀ। ਪਰ ਮੇਰੇ ਦਿਮਾਗ਼ ਵਿੱਚ ਇੱਕ ਚੰਗਾ ਗਾਇਕ ਬਣਨ ਦੀ ਧੁਨ ਸਮਾਈ ਹੋਈ ਸੀ। ਕਾਲਜ ਫੰਕਸ਼ਨਾਂ ਵਿੱਚ ਵੀ ਮੇਰੀ ਚੜ੍ਹਤ ਰਹੀ। ਸੰਗੀਤ ਦੇ ਪ੍ਰੋਫੈਸਰ ਨੇ ਵੀ ਮੇਰੇ ਵਿੱਚ ਉਚੇਚੀ ਦਿਲਚਸਪੀ ਲਈ। ਫਿਰ ਤਾਂ ਬੱਸ ਸੰਗੀਤ ਹੀ ਮੇਰਾ ਜੀਵਨ ਬਣ ਗਿਆ।
ਚਾਚਾ ਜਾਵੇਦ, ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਸ ਵੇਲੇ ਇੱਕ ਪੂਰਾ ਗਾਇਕ ਹਾਂ। ਮੈਂ ਆਪਣੀ ਵਡਿਆਈ ਨਹੀਂ ਕਰ ਰਿਹਾ। ਇਹ ਗੱਲ ਸੱਚ ਹੈ ਕਿ ਪੰਜਾਬ ਦਾ ਵੱਡੇ ਤੋਂ ਵੱਡਾ ਕੋਈ ਵੀ ਰੰਗ ਪ੍ਰੋਗਰਾਮ ਮੈਥੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ। ਜਦ ਮੈਂ ਗਾਉਂਦਾ ਹਾਂ, ਲੋਕ ਕਹਿੰਦੇ ਹਨ, ਸੁਣਨ ਵਾਲੇ ਸਭ ਸੁੱਸਰੀ ਵਾਂਗ ਟਿਕ ਜਾਂਦੇ ਹਨ। ਮੇਰੀ ਅਵਾਜ਼ ਦਾ ਉਨ੍ਹਾਂ 'ਤੇ ਕੋਈ ਜਾਦੁ ਅਸਰ ਹੋ ਜਾਂਦਾ ਹੈ। ਅੰਨ੍ਹੀ ਆਮਦਨ ਹੈ ਮੈਨੂੰ। ਬਹੁਤ ਵਧੀਆ ਮਕਾਨ ਸ਼ਹਿਰ ਵਿੱਚ ਮੈਂ ਬਣਾ ਲਿਆ ਹੈ। ਵਿਆਹ ਹੋ ਗਿਆ ਸੀ। ਮੇਰੀ ਵਹੁਟੀ ਬਹੁਤ ਸੁੰਦਰ ਹੈ। ਸਿਆਣੀ ਹੈ ਤੇ ਵੱਡੀ ਗੱਲ ਸੰਗੀਤ ਦੀ ਕਦਰਦਾਨ ਹੈ। ਮਾਂ ਬਾਪ ਤੇ ਹੋਰ ਸਾਰਾ ਟੱਬਰ ਪਿੰਡ ਹੀ ਰਹਿੰਦੇ ਹਨ।
ਮੇਰੇ ਕੋਲ ਸਭ ਕੁਝ ਹੈ। ਬੱਸ ਇੱਕੋ ਤਮੰਨਾ ਹੈ ਕਿ ਕਦੇ ਤੂੰ ਮੈਨੂੰ ਦੇਖੇਂ। ਕਿੰਨਾ ਖ਼ੁਸ਼ ਹੋਵੇਂ।
ਮੈਨੂੰ ਪੂਰੀ ਆਸ ਬੱਝੀ ਰਹਿੰਦੀ ਹੈ ਕਿ ਚਾਚਾ ਜਾਵੇਦ ਕਦੇ ਜ਼ਰੂਰ ਮਿਲੇਗਾ। ਮਿਲੇਗਾ ਤਾਂ ਮੈਂ ਉਸ ਨੂੰ ਬਹੁਤ ਚੰਗਾ ਗਾ ਕੇ ਸੁਣਾਵਾਂਗਾ। ਮੇਰਾ ਗਾਣਾ ਸੁਣ ਕੇ ਉਹ ਅਸ਼ ਅਸ਼ ਕਰ ਉੱਠੇਗਾ। ਥਾਪੀ ਦੇਵੇਗਾ ਤੇ ਬਚਪਨ ਵਿੱਚ ਮੈਨੂੰ ਸਿਖਾਏ ਟੱਪਿਆਂ ਤੇ ਮਾਣ ਕਰੇਗਾ। ਕਿੰਨੀ ਖੁਸ਼ੀ ਹੋਵੇਗੀ ਮੈਨੂੰ।
ਮੇਰੇ ਅੰਦਾਜ਼ੇ ਦੇ ਮੁਤਾਬਕ, ਚਾਚਾ, ਹੁਣ ਤੂੰ ਸੱਠਾਂ ਦੇ ਨੇੜੇ ਪਹੁੰਚਿਆ ਹੋਇਆ ਹੋਵੇਂਗਾ। ਸੱਠ ਸਾਲ ਦੀ ਉਮਰ ਕੋਈ ਬਹੁਤੀ ਤਾਂ ਨਹੀਂ ਹੁੰਦੀ। ਰੱਬ ਨਾ ਕਰੇ ਕਿਤੇ ਤੂੰ ਅੱਲਾ ਨੂੰ ਪਿਆਰਾ ਹੀ ਨਾ ਹੋ ਗਿਆ ਹੋਵੇਂ। ਚੰਗਾ ਹੈ ਜੇ ਇਸ ਦਾ ਮੈਨੂੰ ਪਤਾ ਹੀ ਨਾ ਲੱਗੇ, ਕਿਉਂਕਿ ਮੇਰੇ ਦਿਲ ਵਿੱਚ ਤੂੰ ਸਦਾ ਜਿਉਂਦਾ ਹੈਂ। ਜਦ ਵੀ ਮੈਨੂੰ ਮਿਲੇਂ ਜਿਉਂਦਾ ਹੀ ਮਿਲੇਂ, ਇਹੀ ਮੇਰੀ ਆਰਜ਼ੂ ਹੈ।
ਏਧਰੋਂ ਓਧਰ ਤੇ ਓਧਰੋਂ ਏਧਰ ਆਉਣ ਜਾਣ ਦੀ ਖੁੱਲ੍ਹ ਜਦ ਕਦੇ ਮਿਲ ਗਈ, ਮੈਂ ਪਾਕਿਸਤਾਨ ਆਵਾਂਗਾ। ਮੇਰਾ ਖ਼ਿਆਲ ਹੈ ਤੂੰ ਲਾਹੌਰ ਵਿੱਚ ਹੀ ਹੋਵੇਂਗਾ। ਸ਼ਾਇਦ ਹੁਣ ਵੀ ਲਲਾਰੀ ਦਾ ਕੰਮ ਹੀ ਕਰਦਾ ਹੋਵੇਂ। ਲਾਹੌਰ ਵਿੱਚ ਹੀ ਜੋ ਤੂੰ ਹੋਇਆ ਤਾਂ ਮੇਰਾ ਦਿਲ ਕਹਿੰਦਾ ਹੈ-ਭਾਵੇਂ ਕਿਸੇ ਖੂੰਜੇ ਵਿੱਚ ਰਹਿੰਦਾ, ਮੈਂ ਤੈਨੂੰ ਆਪ ਹੀ ਲੱਭ ਲਵਾਂਗਾ। ਤੇਰੇ ਦੇਸ਼ ਦੇ ਲੋਕਾਂ ਨੂੰ ਗਾ ਕੇ ਸੁਣਾਵਾਂਗਾ। ਦੇਖਾਂਗਾ ਤੇਰੇ ਦੇਸ਼ ਦੇ ਲੋਕ ਮੇਰੀ ਕਿੰਨੀ ਤਾਰੀਫ਼ ਕਰਨਗੇ। ਇਹ ਤਾਰੀਫ਼ ਅਸਲ ਵਿੱਚ ਚਾਚਾ ਤੇਰੀ ਹੋਵੇਗੀ। ਤੈਨੂੰ ਮਿਲਣ ਲਈ ਮੇਰੀ ਰੂਹ ਭਟਕ ਰਹੀ ਹੈ।

52
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ