ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਪਤਾ ਸੀ?



‘ਸਤੀਸ਼, ਨਿੰਬੂ ਲਿਆ ਰੱਖੀਂ, ਪੰਜ ਚਾਰ, ਬਜ਼ਾਰੋਂ।' ਉਹ ਨੇ ਵੱਡੇ ਮੁੰਡੇ ਨੂੰ ਕਿਹਾ ਤੇ ਖ਼ੁਦ ਸਿਰ ਦੀ ਹਜਾਮਤ ਕਰਵਾਉਣ ਲਈ ਨਾਈ ਦੀ ਦੁਕਾਨ ਵੱਲ ਚੱਲ ਪਿਆ।
ਉਸ ਦਿਨ ਐਤਵਾਰ ਸੀ। ਹਜਾਮਤ ਕਰਵਾ ਕੇ ਜਦ ਉਹ ਵਾਪਸ ਆਇਆ, ਉਹ ਦੀ ਵੱਡੀ ਕੁੜੀ ਪਰੌਂਠੇ ਪਕਾਉਣ ਲਈ ਉਬਲੇ ਹੋਏ ਆਲੂਆਂ ਨੂੰ ਛਿੱਲ ਰਹੀ ਸੀ। ਛੋਟੀ ਕੁੜੀ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਵੱਡਾ ਸਾਰਾ ਗਠਾ ਕੱਟ ਰਹੀ ਸੀ। ਗਠਾ ਉਹ ਦੇ ਵੱਸ ਵਿੱਚ ਨਹੀਂ ਆਉਂਦਾ ਸੀ। ਵੱਡੀ ਕੁੜੀ ਉਸ ਨੂੰ ਡਾਂਟ ਰਹੀ ਸੀ- 'ਕੋਈ ਕੰਮ ਤੈਥੋਂ ਹੁੰਦਾ ਵੀ ਐ?'
ਉਹ ਦਾ ਛੋਟਾ ਮੁੰਡਾ ਬਾਹਰੋਂ ਖੇਡਦਾ ਭੱਜਿਆ ਘਰ ਆਇਆ ਤੇ ਰਿਹਾੜ ਕਰਨ ਲੱਗਿਆ-'ਡੈਡੀ, ਕੁਲਫ਼ੀ।'
‘ਤੜਕੇ ਈ ਕੁਲਫ਼ੀ? ਦਿਨ ਤਾਂ ਚੜ੍ਹ ਲੈਣ ਦੇ। ਇਹ ਸਾਲੇ ਕੁਲਫ਼ੀਆਂ ਵਾਲੇ ਵੀ ਠੂਹ ਆ ਟਪਕਦੇ ਨੇ।’ ਉਹ ਖਿਝ ਕੇ ਬੋਲਿਆ।
'ਡੈਡੀ, ਇੱਕ ਕੁਲਫ਼ੀ। ਫੇਰ ਨ੍ਹੀ ਮੰਗਦਾ।' ਉਸ ਨੇ ਸੁੱਕਾ ਰੋਣ ਅਰੰਭ ਦਿੱਤਾ।
ਪੱਚੀ ਪੈਸੇ ਦਾ ਸਿੱਕਾ ਕਰਮ ਚੰਦ ਨੇ ਜੇਬ੍ਹ ਵਿਚੋਂ ਕੱਢਿਆ ਤੇ ਮੁੰਡੇ ਵੱਲ ਵਗਾਹ ਮਾਰਿਆ। ਉਹ ਕੜਕਿਆ-'ਆਥਣੇ ਜੇ ਫੇਰ ਮੰਗੀ ਤਾਂ ਕੰਨ ਪੱਟ ਦੂੰ ਤੇਰੇ!'
ਮੁੰਡਾ ਹੱਸਿਆ ਤੇ ਘਰੋਂ ਬਾਹਰ ਹੋ ਗਿਆ। ਦੋਵੇਂ ਕੁੜੀਆਂ ਅਜੇ ਵੀ ਨਿੱਕਾ ਨਿੱਕਾ ਲੜ ਰਹੀਆਂ ਸਨ। ਕਰਮ ਚੰਦ ਨੂੰ ਉਹ ਬੁਰੀਆਂ ਲੱਗੀਆਂ। ਉਹ ਉਨ੍ਹਾਂ ਵੱਲ ਹੋਇਆ ਤੇ ਕਹਿੰਦਾ-'ਚੁੱਪ ਕਰਕੇ ਨੀਂ ਕੰਮ ਹੁੰਦਾ, ਕੁੜੀਓ? ਸਾਰਾ ਦਿਨ ਲੜਾਈ ਕੀ ਆਖੇ’
‘ਪਾਪਾ, ਇਹ ਗੰਢਾ ਛਿਲਦੀ ਘੱਟ ਐ, ਲਬੇੜਦੀ ਬਹੁਤੈ।'
'ਉਂ, ਤੈਥੋਂ ਹੁਣ ਤਾਈਂ ਨੀ ਆਲੂ ਛਿੱਲੇ ਗਏ। ਮੈਨੂੰ ਕੀ ਆਖਣ ਨੂੰ ਮਰਦੀਐ ਨੀ ਤੂੰ?'
'ਬੁਲਾਵਾਂ ਬਹੁਤਾ? ਕਹਿ ਕੇ ਵੱਡੀ ਕੁੜੀ ਨੇ ਛੋਟੀ ਦੀ ਪਿੱਠ 'ਤੇ ਇੱਕ ਧੱਫ਼ਾ ਧਰ ਦਿੱਤਾ।
ਛੋਟੀ ਉਹ ਨੂੰ ਚਾਕੂ ਲੈ ਕੇ ਮਾਰਨ ਪਈ।
‘ਪਾਪਾ!' ਵੱਡੀ ਚੀਕੀ।
ਕਰਮ ਚੰਦ ਚੌਂਕੇ ’ਤੇ ਚੜ੍ਹਿਆ ਤੇ ਦੋਵਾਂ ਕੁੜੀਆਂ ਦੀਆਂ ਗੁੱਤਾਂ ਪੁੱਟ ਦੱਤੀਆਂ-'ਹਟਦੀਆਂ ਤਾਂ ਨੀ ਕਹੇ ਤੋਂ।'

54

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ