ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਢੇ ਬਾਰਾਂ ਵਜੇ ਡਾਕ ਆਈ। ਦੋ ਚਿੱਠੀਆਂ ਸਨ। ਕਚਮ ਚੰਦ ਨੇ ਅੰਦਾਜ਼ਾ ਲਾਇਆ, ਸ਼ਾਇਦ ਅੰਮ੍ਰਿਤ ਕੁਮਾਰ ਦੀ ਚਿੱਠੀ ਹੋਵੇ। ਪ੍ਰੋਗਰਾਮ ਮੁਲਤਵੀ ਹੀ ਨਾ ਕਿਤੇ ਹੋ ਗਿਆ ਹੋਵੇ। ਪਰ ਨਹੀਂ ਇੱਕ ਚਿੱਠੀ ਉਹ ਦੇ ਸਹੁਰਿਆਂ ਵੱਲੋਂ ਸੀ। ਲਿਖਿਆ ਸੀ, ਵੱਡੀ ਕੁੜੀ ਨੂੰ ਉਹ ਉਨ੍ਹਾਂ ਕੋਲ ਛੱਡ ਜਾਵੇ। ਉਹ ਉਹ ਨੂੰ ਪੜ੍ਹਾਉਣਗੇ ਤੇ ਉਹ ਦਾ ਵਿਆਹ ਵੀ ਉਹੀ ਕਰ ਦੇਣਗੇ। ਦੂਜੀ ਚਿੱਠੀ ਉਹ ਦੇ ਇੱਕ ਪਿਆਰੇ ਦੋਸਤ ਕੈਲਾਸ਼ ਦੀ ਸੀ।
ਕੈਲਾਸ਼ ਦੀ ਪਤਨੀ ਦੋ ਮਹੀਨੇ ਪਹਿਲਾਂ ਤਪਦਿਕ ਦੀ ਬਿਮਾਰੀ ਨਾਲ ਮਰ ਗਈ ਸੀ। ਇੱਕ ਮੁੰਡਾ ਤੇ ਇੱਕ ਕੁੜੀ ਛੱਡ ਕੇ। ਕੁੜੀ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਮੁੰਡਾ ਕਾਲਜ ਵਿੱਚ। ਦਸਵੀਂ ਪਾਸ ਕਰਵਾ ਕੇ ਕੁੜੀ ਦਾ ਉਹ ਨੇ ਵਿਆਹ ਕਰ ਦੇਣਾ ਸੀ। ਕੈਲਾਸ਼ ਉਹ ਦੇ ਹਾਣ ਦਾ ਹੀ ਸੀ। ਉਸ ਸਕੂਲ ਵਿੱਚ ਜਮਾਤੀ ਰਹੇ ਸਨ। ਕੈਲਾਸ਼ ਦਾ ਸਰੀਰ ਕਮਜ਼ੋਰ ਸੀ। ਮਹੀਨਾ ਕੁ ਹੋਇਆ, ਉਹ ਮਿਲੇ ਸਨ। ਦੋਵਾਂ ਦੀਆਂ ਪਤਨੀਆਂ ਨਹੀਂ ਰਹੀਆਂ ਸਨ ਦੋਵਾਂ ਦਾ ਦੁੱਖ ਇੱਕ ਸੀ। ਇੱਕ ਦੂਜੇ ਨਾਲ ਗੱਲਾਂ ਕਰਕੇ ਉਨਾਂ ਨੇ ਮਨ ਹੌਲੇ ਕੀਤੇ ਸਨ। ਦੋਵਾਂ ਨੇ ਫ਼ੈਸਲਾ ਕੀਤਾ ਸੀ ਕਿ ਭਾਵੇਂ ਕੁਝ ਵੀ ਕਰਨਾ ਪਵੇ, ਉਹ ਦੂਜਾ ਵਿਆਹ ਜ਼ਰੂਰ ਕਰਵਾਉਗੇ। ਔਰਤ ਬਗੈਰ ਜ਼ਿੰਦਗੀ ਨਹੀਂ। ਔਰਤ ਤਾਂ ਘਰ ਦਾ ਬੰਨ੍ਹ ਹੁੰਦੀ ਹੈ। ਘਰ ਤਾਂ ਹੁੰਦਾ ਹੀ ਹੈ ਔਰਤ ਨਾਲ ਤੇ ਅੱਜ ਕੈਲਾਸ਼ ਦੀ ਚਿੱਠੀ ਆਈ ਸੀ ਕਿ ਉਹ ਦੀ ਸ਼ਾਦੀ ਛੱਬੀ ਸਤਾਈ ਸਾਲ ਦੀ ਇੱਕ ਕੰਵਾਰੀ ਲੜਕੀ ਨਾਲ ਹੋਣੀ ਤਹਿ ਹੋਈ ਹੈ। ਅਗਲੇ ਮਹੀਨੇ ਦੀ ਵੀਹ ਤਰੀਕ ਨੂੰ। ਉਹ ਨੇ ਲਿਖਿਆ ਸੀ ਕਿ ਬਰਾਤ ਵਿੱਚ ਭਾਵੇਂ ਚਾਰ ਪੰਜ ਬੰਦੇ ਹੀ ਜਾਣਗੇ, ਪਰ ਕਰਮ ਚੰਦ ਜ਼ਰੂਰ ਚੱਲੇ।
ਚਿੱਠੀਆਂ ਪੜ੍ਹ ਕੇ ਉਹ ਨੇ ਸਿਰਹਾਣੇ ਥੱਲੇ ਰੱਖ ਲਈਆਂ ਤੇ ਕੈਲਾਸ਼ ਬਾਰੇ ਸੋਚਣ ਲੱਗਿਆ-ਕਿੰਨਾ ਖੁਸ਼ਨਸੀਬ ਐ ਕੰਬਖ਼ਤ। ਦੋ ਮਹੀਨੇ ਵੀ ਨਹੀਂ ਪੈਣ ਦਿੱਤੇ। ਏਧਰ ਇੱਕ ਮੈਂ ਹਾਂ ਕਿ ...
ਰੋਟੀ ਬਣਨ ਤੱਕ ਉਹ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਉਹ ਦੀ ਅੱਖ ਲੱਗਦੀ, ਪਰ ਭੜੱਕ ਕੇ ਖੁੱਲ੍ਹ ਜਾਂਦੀ। ਉਹ ਨੂੰ ਅੰਮ੍ਰਿਤ ਕੁਮਾਰ ਦੇ ਆਉਣ ਦਾ ਭੁਝੱਕਾ ਪੈਂਦਾ। ਹਵਾ ਨਾਲ ਤਖ਼ਤੇ ਖੜਕਦੇ ਤਾਂ ਉਹ ਨੂੰ ਲੱਗਦਾ, ਕੋਈ ਆ ਗਿਆ ਹੈ। ਫਿਰ ਉਸ ਨੂੰ ਯਾਦ ਆਇਆ ਕਿ ਉਹ ਤਾਂ ਅੱਜ ਨਹਾਤਾ ਹੀ ਨਹੀਂ। ਸਿਰ ਦੀ ਹਜਾਮਤ ਬਾਅਦ ਵੀ ਉਹ ਨੂੰ ਨਹਾਉਣਾ ਯਾਦ ਨਹੀਂ ਸੀ। ਉਹ ਉੱਠਿਆ ਤੇ ਤੌਲੀਆ ਲੈ ਕੇ ਗੁਸਲਖ਼ਾਨੇ ਵਿੱਚ ਗਿਆ। ਟੂਟੀ ਦਾ ਪਾਣੀ ਹੈ ਨਹੀਂ ਸੀ। ਟੱਬ ਵਿੱਚ ਪਏ ਪਾਣੀ ਨਾਲ ਉਹ ਨੇ ਇਕੱਲਾ ਸਿਰ ਹੀ ਧੋ ਲਿਆ। ਮੂੰਹ ’ਤੇ ਪਾਣੀ ਦੇ ਛਿੱਟੇ ਮਾਰ ਕੇ ਤੋਲੀਏ ਨਾਲ ਮੂੰਹ ਸਿਰ ਰਗੜ ਲਿਆ।
ਰੋਟੀ ਉਹ ਨੂੰ ਸੁਆਦ ਨਾ ਲੱਗੀ। ਦੋ ਫੁਲਕੇ ਖਾ ਕੇ ਹੀ ਉਸ ਬੱਸ ਕਰ ਗਿਆ। ਰੋਟੀ ਖਾਣ ਵੇਲੇ ਛੋਟੀ ਕੁੜੀ ਤੇ ਛੋਟਾ ਮੁੰਡਾ ਨਿੱਕਾ ਨਿੱਕਾ ਲੜਦੇ ਰਹੇ ਸਨ, ਪਰ ਕਰਮ ਚੰਦ ਨੇ ਉਨ੍ਹਾਂ ਨੂੰ ਟੋਕਿਆ ਨਹੀਂ। ਉਹ ਤਾਂ ਜਿਵੇਂ ਘਰ ਵਿੱਚ ਹੋਵੇ ਹੀ ਨਾ। ਬੇਧਿਆਨੇ ਹੀ ਉਹ ਬੱਚਿਆਂ ਦੀ ਕਿਸੇ ਗੱਲ ਨੂੰ ਸੁਣਦਾ ਤੇ ਬੇ ਸਿਰ ਪੈਰ ਜਿਹੇ ਜਵਾਬ ਦਿੰਦਾ। ਬੱਚੇ ਹੱਸਣ ਲੱਗਦੇ। ਉਨ੍ਹਾਂ ਦੀ ਹਾਸੀ ਵੱਲੋਂ ਵੀ ਉਹ ਬੇਧਿਆਨ ਰਹਿੰਦਾ।

56

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ