ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਫ਼ਸੋਸ



ਦੇਸ਼ਬੰਧੂ ਦੀ ਪਤਨੀ ਚੌਥਾ ਬੱਚਾ ਜੰਮਣ ਵੇਲੇ ਹਸਪਤਾਲ ਵਿੱਚ ਹੀ ਮਰ ਗਈ ਸੀ। ਬੱਚਾ ਤਾਂ ਪੈਦਾ ਵੀ ਨਹੀਂ ਸੀ ਹੋਇਆ। ਇਸੇ ਕਰਕੇ ਤਾਂ ਉਹ ਮਰ ਗਈ ਸੀ। ਤਿੰਨ ਛੋਟੇ ਛੋਟੇ ਬੱਚੇ ਤੇ ਇਕੱਲਾ ਦੇਸ਼ਬੰਧੂ। ਉਸ ਦਾ ਰੋਣ ਨਹੀਂ ਸੀ ਥਮਦਾ। ਗਵਾਂਢੀ, ਰਿਸ਼ਤੇਦਾਰ ਤੇ ਹੋਰ ਉਸ ਦਾ ਦਿਲ ਧਰਾਉਂਦੇ ਸਨ। ਉਸ ਨੂੰ ਦਿਲਾਸਾ ਦਿੰਦੇ ਸਨ, ਪਰ ਉਸ ਨੂੰ ਲੱਗਦਾ ਸੀ ਜਿਵੇਂ ਉਨ੍ਹਾਂ ਵਿਚੋਂ ਕੋਈ ਵੀ ਉਸ ਦਾ ਸੱਚਾ ਹਮਦਰਦੀ ਨਾ ਹੋਵੇ। ਸਭ ਦੀਆਂ ਰਸਮੀ ਗੱਲਾਂ ਸਨ। ਸਭ ਦੇ ਫੋਕੇ ਸਹਾਰੇ ਸਨ। ਤਿੰਨੇ ਬੱਚੇ ਉਸ ਦੇ ਗਲ ਨਾਲ ਚਿੰਬੜਦੇ ਤੇ ਧਾਹੀਂ ਰੋਂਦੇ। ਦੇਸ਼ਬੰਧੂ ਪੁੱਜ ਕੇ ਦੁਖੀ ਹੋ ਗਿਆ ਸੀ।
ਸ਼ਹਿਰ ਵਿਚੋਂ ਲੋਕ ਅਫ਼ਸੋਸ ਕਰਨ ਆਉਂਦੇ ਸਨ। ਆਉਂਦੇ ਸਨ, ਵੀਹ ਮਿੰਟ ਬੈਠਦੇ ਸਨ, ਅੱਧਾ ਘੰਟਾ ਬੈਠਦੇ ਸਨ, ਆਮ ਜਿਹੀਆਂ ਗੱਲਾਂ ਕਰਦੇ ਸਨ- ਜਿਸ ਤਰ੍ਹਾਂ ਦੀਆਂ ਗੱਲਾਂ ਕਿਸੇ ਦੇ ਮਰੇ ਤੋਂ ਕੀਤੀਆਂ ਜਾਂਦੀਆਂ ਹਨ। ਅਫ਼ਸੋਸ ਦੀਆਂ ਗੱਲਾਂ ਤੋਂ ਗੱਲ ਤੁਰਦੀ ਕਿਤੇ ਦੀ ਕਿਤੇ ਜਾ ਰਹਿੰਦੀ ਸੀ। ‘ਚੰਗਾ ਭਾਈਹੁਣ ਤਾਂ ਮਨ ਨੂੰ ਸਮਝਾਉਣਾ ਹੀ ਪਵੇਗਾ। ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ। ਉਸ ਦੀ ਲੀਲਾ ਨਿਆਰੀ ਹੈ।
ਉਸ ਦਿਨ ਸੱਥਰ ’ਤੇ ਬੈਠੀਆਂ ਬੁੜ੍ਹੀਆਂ ਵਿੱਚ ਮਿਸਜ਼ ਗਰੇਵਾਲ ਵੀ ਬੈਠੀ ਸੀ। ਐਡਵੋਕੇਟ ਗਰੇਵਾਲ ਦੀ ਘਰਵਾਲੀ। ਦੇਸ਼ਬੰਧੂ ਨੇ ਉਸ ਨੂੰ ਦੇਖਿਆ ਤਾਂ ਉਸ ਦੇ ਮਨ ਨੂੰ ਜਿਵੇਂ ਕੋਈ ਟਿਕਾਓ ਜਿਹਾ ਆ ਗਿਆ ਹੋਵੇ। ਕੋਈ ਜਿਵੇਂ ਉਸ ਦੀ ਜ਼ਨਾਨੀ ਦਾ ਸੱਚੇ ਦਿਲੋਂ ਅਫ਼ਸੋਸ ਕਰਨ ਆਇਆ ਹੋਵੇ। ਕੋਈ ਜਿਵੇਂ ਉਸ ਨੂੰ ਸਹੀ ਸਹਾਰਾ ਦੇਣ ਆਇਆ ਹੋਵੇ। ਬੰਦਿਆਂ ਵਿੱਚ ਬੈਠਾ ਦੇਸ਼ਬੰਧੂ ਮਿਸਜ਼ ਗਰੇਵਾਲ ਵੱਲ ਹੀ ਤੱਕੀ ਜਾ ਰਿਹਾ ਸੀ। ਬੰਦਿਆਂ ਦੀਆਂ ਗੱਲਾਂ ਵੱਲੋਂ ਉਹ ਬੇਧਿਆਨਾ ਸੀ। ਕੋਈ ਬੰਦਾ ਉਸ ਨੂੰ ਕੋਈ ਗੱਲ ਪੁੱਛਦਾ ਤਾਂ ਉਹ ਉਖੜਿਆਂ ਜਿਹਾ ਜਵਾਬ ਦੇ ਕੇ ਮਿਸਜ਼ ਗਰੇਵਾਲ ਵੱਲ ਟਿਕ ਟਿਕੀ ਲਾ ਲੈਂਦਾ। ਮਿਸਜ਼ ਗਰੇਵਾਲ ਬੁੜੀਆਂ ਵਿੱਚ ਬੈਠੀ ਲਗਾਤਾਰ ਦੇਸ਼ਬੰਧੂ ਵੱਲ ਤੱਕੀ ਜਾ ਰਹੀ ਸੀ। ਖ਼ਾਲੀ ਖ਼ਾਲੀ ਅੱਖਾਂ ਨਾਲ ਬੁੜੀਆਂ ਵਾਲੇ ਸੱਥਰ ’ਤੇ ਦੇਸ਼ਬੰਧੂ ਦੀ ਭੈਣ ਦੇਸ਼ਬੰਧੂ ਦੀ ਮਰ ਚੁੱਕੀ ਪਤਨੀ ਦੀਆਂ ਗੱਲਾਂ ਸੁਣਾ ਰਹੀ ਸੀ, ਕਿਵੇਂ ਹਸਪਤਾਲ ਵਿੱਚ ਉਸ ਦੇ ਪੇਡੂ ਵਿੱਚ ਸਖ਼ਤ ਦਰਦ ਉੱਠਿਆ ਸੀ। ਐਸਾ ਦਰਦ ਕਿ ਉਹ ਕੰਧਾਂ ਨਾਲ ਟੱਕਰਾਂ ਮਾਰਨਾ ਚਾਹੁੰਦੀ ਸੀ। ਨਰਸਾਂ ਵਾਹ ਲਾ ਥੱਕੀਆਂ ਸਨ, ਪਰ ਦਰਦ ਨਹੀਂ ਸੀ ਘਟਿਆ। ਫਿਰ ਦਰਦ ਉੱਠਦੇ ਰਹੇ ਸਨ, ਸਾਰੀ ਰਾਤ ਦਾਈਆਂ ਹਫ਼ਦੀਆਂ ਰਹੀਆਂ ਸਨ। ਤੜਕੇ ਨੂੰ ਢਿੱਡ ਫੁੱਲ ਡੇਢਾ ਹੋ ਗਿਆ ਸੀ। ਬੱਚਾ ਪੈਦਾ ਹੀ ਨਾ ਹੋਇਆ। ਦਸ

58

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ