ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਬਾਰਾਂ ਦਫ਼ਾ ਦੰਦਲਾਂ ਪਈਆਂ ਤੇ ਫਿਰ ਅਜਿਹੀ ਦੰਦਲ ਪਈ ਕਿ ਉਸ ਨੇ ਮੁੜ ਕੇ ਅੱਖ ਪੁੱਟੀ ਹੀ ਨਹੀਂ। ਸੁਣਨ ਵਾਲੀਆਂ ਹੁੰਗਾਰਾ ਭਰਦੀਆਂ ਸਨ, ਹਉਂਕੇ ਲੈਂਦੀਆਂ ਸਨ ਤੇ ਫਿਰ ‘ਹੂੰ' ਕਹਿ ਕੇ ਅਗਾਂਹ ਗੱਲ ਤੋਰਨ ਲਈ ਕਹਿੰਦੀਆਂ ਸਨ। ਮਿਸਜ਼ ਗਰੇਵਾਲ ਦਾ ਉਸ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੀ। ਦੇਸ਼ਬੰਧੂ ਦੀ ਘਰ ਵਾਲੀ ਮਰ ਗਈ ਸੀ, ਇਸ ਤੋਂ ਵੱਧ ਜਾਣਨਾ ਹੋਰ ਕੀ ਜ਼ਰੂਰੀ ਸੀ?
ਮਿਸਜ਼ ਗਰੇਵਾਲ ਐਡਵੋਕੇਟ ਗਰੇਵਾਲ ਦੀ ਵੱਡੀ ਸਰਦਾਰਨੀ ਸੀ। ਉਸ ਦੇ ਬੱਚਾ ਕੋਈ ਨਹੀਂ ਸੀ ਹੋਇਆ। ਸੋ, ਐਡਵੋਕੇਟ ਨੇ ਉਸ ਦੇ ਵਿਆਹ ਤੋਂ ਸੱਤ ਸਾਲ ਬਾਅਦ ਹੋਰ ਵਿਆਹ ਕਰਵਾ ਲਿਆ ਸੀ। ਹੁਣ ਛੋਟੀ ਸਰਦਾਰਨੀ ਦੇ ਦੋ ਮੁੰਡੇ ਸਨ, ਦੋ ਕੁੜੀਆਂ ਸਨ। ਐਡਵੋਕੇਟ ਦੇ ਘਰ ਦੀ ਸਾਰੀ ਕਬੀਲਦਾਰੀ ਵੱਡੀ ਸਰਦਾਰਨੀ ਦੇ ਹੱਥ ਵਿੱਚ ਸੀ। ਛੋਟੀ ਸਰਦਾਰਨੀ ਤਾਂ ਜਿਵੇਂ ਬੱਚੇ ਜੰਮਣ ਵਾਸਤੇ ਹੀ ਆਈ ਹੋਵੇ।
ਐਡਵੋਕੇਟ ਗਰੇਵਾਲ ਇਲਾਕੇ ਦਾ ਮੰਨਿਆ ਹੋਇਆ ਵਕੀਲ ਸੀ। ਕਤਲਾਂ ਦੇ ਵੱਡੇ ਵੱਡੇ ਕੇਸ ਉਸ ਨੇ ਜਿੱਤੇ ਸਨ। ਬੇਥਾਹ ਪੈਸਾ ਕਮਾਇਆ ਸੀ। ਬਹੁਤ ਵੱਡੀ ਕੋਠੀ ਪਾ ਲਈ ਸੀ। ਸ਼ਾਨਦਾਰ ਕੋਠੀ। ਸ਼ਹਿਰ ਤੋਂ ਬਾਹਰ ਬਾਹਰ ਦਸ ਕਿੱਲੇ ਜ਼ਮੀਨ ਵੀ ਉਸ ਨੇ ਖਰੀਦ ਲਈ ਸੀ। ਬੁੱਢਾ ਹੋ ਗਿਆ ਸੀ, ਪਰ ਦਾੜੀ ਮੁੱਛਾਂ ਨੂੰ ਕਲਫ਼ ਲਾ ਕੇ ਜੁਆਨ ਦਿੱਸਣ ਦੀ ਕੋਸ਼ਿਸ਼ ਵਿੱਚ ਰਹਿੰਦਾ। ਵਕਾਲਤ ਦੀਆਂ ਕਿਤਾਬਾਂ ਵਿੱਚ ਖੁਭਿਆ ਰਹਿੰਦਾ। ਅੱਧੀ ਰਾਤ ਤੀਕ ਕੇਸਾਂ ਨੂੰ ਤਿਆਰ ਕਰਦਾ। ਸਵੇਰੇ ਸਦੇਹਾਂ ਉੱਠ ਕੇ ਕਿਤਾਬਾਂ ਕਨਸਲਟ ਕਰਦਾ। ਦਿਨ ਵੇਲੇ ਸਾਰਾ ਦਿਨ ਕਚਹਿਰੀ ਵਿੱਚ ਕਲਾਇੰਟਸ ਨੂੰ ਉਡੀਕਦਾ। ਕਲਾਇੰਟਸ ਨਾਲ ਨਿੱਬੜਦਾ। ਵੱਡੀ ਸਰਦਾਰਨੀ ਦਾ ਭਤੀਜਾ ਰਾਮ ਨਰਾਇਣ ਸਿੰਘ ਉਨ੍ਹਾਂ ਕੋਲ ਹੀ ਰਹਿੰਦਾ। ਦਸਵੀਂ ਪਾਸ ਕਰਕੇ ਇੱਕ ਵਰਕਸ਼ਾਪ ਵਿੱਚ ਟਰੈਕਟਰ ਮਕੈਨਿਕ ਬਣਨ ਆਇਆ ਤੇ ਫਿਰ ਉੱਥੇ ਹੀ ਰਹਿ ਗਿਆ ਸੀ। ਪਹਿਨ ਪੱਚਰ ਕੇ ਰਹਿੰਦਾ। ਚੰਗਾ ਖਾਂਦਾ ਪੀਂਦਾ। ਐਡਵੋਕੇਟ ਗਰੇਵਾਲ ਉਸ ਨੂੰ ਬਹੁਤ ਪਿਆਰ ਕਰਦਾ। ਛੋਟੀ ਸਰਦਾਰਨੀ ਵੀ ਉਸ ਨੂੰ ਬਹੁਤ ਚਾਹੁੰਦੀ ਸੀ। ਵੱਡੀ ਸਰਦਾਰਨੀ ਨੂੰ ਸਾਰਾ ਭੇਤ ਸੀ। ਉਸ ਦੇ ਪਤੀ ਦੀ ਬੱਤੀ ਨਾਲ ਬੱਤੀ ਲੱਗ ਗਈ ਸੀ। ਉਸ ਦੇ ਪਤੀ ਦਾ ਖਾਲੀ ਵਿਹੜਾ ਬੱਚਿਆਂ ਦੀ ਭਰਪੂਰ ਦੁਨੀਆਂ ਨਾਲ ਝਿਲਮਿਲ ਝਿਲਮਿਲ ਕਰਨ ਲੱਗ ਪਿਆ ਸੀ।
ਮਿਸਜ਼ ਗਰੇਵਾਲ ਜਿਸ ਦਾ ਆਪਣਾ ਨਾਉਂ ਦਲਜੀਤ ਕੌਰ ਸੀ, ਹੁਣ ਸਿਰਫ਼ ਮਿਸਜ਼ ਗਰੇਵਾਲ ਹੀ ਸੀ। ਦਲਜੀਤ ਕੌਰ ਤਾਂ ਉਸ ਵਿਚੋਂ ਕਦੋਂ ਕੀ ਗਾਇਬ ਹੋ ਚੁੱਕੀ ਸੀ।
ਦਲਜੀਤ ਕੌਰ ਪਿੰਡ ਦੇ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਹੁੰਦੀ ਸੀ, ਉਨ੍ਹਾਂ ਦੇ ਗਵਾਂਢੀਆਂ ਦਾ ਮੁੰਡਾ ਦੇਸ਼ਬੰਧੂ ਵੀ ਉਸ ਨਾਲ ਪੜ੍ਹਦਾ ਸੀ। ਅੱਲ੍ਹੜ ਮੁੰਡੇ ਕੁੜੀ ਵਾਲੀ ਸ਼ਰਾਰਤੀ ਝਾਕਣੀ ਤੋਂ ਵਧ ਕੇ ਉਨ੍ਹਾਂ ਦੇ ਸਬੰਧ ਕਾਫ਼ੀ ਵਿਗੜ ਚੁੱਕੇ ਸਨ। ਦੋਵਾਂ ਘਰਾਂ ਵਿੱਚ ਕਾਫ਼ੀ ਰੰਜਿਸ਼ ਵਧ ਗਈ ਸੀ। ਦਲਜੀਤ ਕੌਰ ਫਿਰ ਕਿੰਨੇ ਹੀ ਦਿਨ ਸਕੂਲ ਨਹੀਂ ਸੀ ਆਈ। ਦੇਸ਼ਬੰਧੂ ਤਾਂ ਪੜ੍ਹਦਾ ਰਿਹਾ ਸੀ, ਪਰ ਦਲਜੀਤ ਕੌਰ ਦੀ ਦਸਵੀਂ ਤਾਂ ਵਿੱਚ ਹੀ ਰਹਿ ਗਈ ਸੀ। ਉਨ੍ਹਾਂ ਦੇ ਘਰਦਿਆਂ ਨੇ ਉਸ ਨੂੰ ਸਕੂਲ ਭੇਜਣਾ ਜਾਇਜ਼ ਹੀ ਨਹੀਂ ਸੀ ਸਮਝਿਆ। ਦੋ ਕੁ ਸਾਲ ਬਾਅਦ ਉਸ ਦੀ ਸ਼ਾਦੀ ਬੀ. ਏ. ਵਿੱਚ ਪੜਦੇ ਗਰੇਵਾਲ ਨਾਲ ਕਰ ਦਿੱਤੀ ਗਈ ਸੀ।

ਅਫ਼ਸੋਸ

59