ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚੇ ਪੈਦਾ ਕਰੇ। ਦੂਜੇ ਵਿਆਹ ਹੋਇਆ। ਅਗਲੇ ਸਾਲ ਹੀ ਮੁੰਡਾ ਹੋ ਗਿਆ। ਸਾਰੇ ਰੰਗ ਭਾਗ ਲੱਗ ਗਏ। ਫਿਰ ਇੱਕ ਕੁੜੀ ਤੇ ਫਿਰ ਜਿਵੇਂ ਐਡਵੋਕੇਟ ਗਰੇਵਾਲ ਨੂੰ ਰੱਜ ਆ ਗਿਆ ਹੋਵੇ। ਛੋਟੀ ਸਰਦਾਰਨੀ ਦੀ ਉਮਰ ਤਾਂ ਅਜੇ ਵੀ ਉਸੇ ਤਰ੍ਹਾਂ ਸੀ, ਜਵਾਨ ਦੀ ਜਵਾਨ। ਜਵਾਨੀ ਤਾਂ ਜਿਵੇਂ ਅਜੇ ਚੜ੍ਹ ਰਹੀ ਹੋਵੇ। ਵੱਡੀ ਸਰਦਾਰਨੀ ਦਾ ਭਤੀਜਾ ਰਾਮ ਨਰਾਇਣ ਉਸ ਦੀ ਜ਼ਿੰਦਗੀ ਵਿੱਚ ਆ ਗਿਆ ਸੀ, ਨਹੀਂ ਤਾਂ ਉਸ ਦਾ ਲਿਸ਼ਕਦਾ ਜੋਬਨ ਬੁੱਢੇ ਵਕੀਲ ਦੀ ਬੇਧਿਆਨੀ ਵਿੱਚ ਰੁੜ੍ਹ ਜਾਣਾ ਸੀ।
ਐਡਵੋਕੇਟ ਗਰੇਵਾਲ ਜਾਂ ਤਾਂ ਆਪਣੀ ਦਸ ਕਿੱਲੇ ਜ਼ਮੀਨ ਦੀ ਖੇਤੀ ਵੱਲ ਧਿਆਨ ਰੱਖਦਾ ਤੇ ਜਾਂ ਫਿਰ ਵਕਾਲਤ ਦੀਆਂ ਕਿਤਾਬਾਂ ਵਿੱਚ ਖਚਤ ਰਹਿੰਦਾ। ਛੋਟੀ ਸਰਦਾਰਨੀ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਹੀ ਰੁੱਝੀ ਰਹਿੰਦੀ। ਰਾਮ ਨਰਾਇਣ ਉਸ ਦੇ ਅੱਗੇ ਪਿੱਛੇ ਰਹਿੰਦਾ। ਮਿਸਜ਼ ਗਰੇਵਾਲ ਦੇ ਹੱਥ ਵਿੱਚ ਘਰ ਦੀ ਸਾਰੀ ਕਬੀਲਦਾਰੀ ਸੀ, ਹੋਰ ਕੋਈ ਉਸ ਦੀ ਦਿਲਸਚਪੀ ਨਹੀਂ ਸੀ। ਉਸ ਦਾ ਜੀਵਨ ਰੁੱਖਾ-ਰੁੱਖਾ ਸੀ। ਉਜਾੜ ਧਰਤੀ ਵਿੱਚ ਖੜੇ ਕਿਸੇ ਇਕੱਲੇ ਰੁੱਖ ਵਰਗਾ।
ਬਜ਼ਾਰ ਵਿੱਚ ਇੱਕ ਦਿਨ ਉਸ ਨੂੰ ਦੇਸ਼ਬੰਧੂ ਮਿਲਿਆ ਸੀ। ਦੋਵੇਂ ਹੀ ਇੱਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਸਨ, ਜਿਵੇਂ ਪਿਛਲੇ ਜਨਮ ਦੀਆਂ ਗੱਲਾਂ ਇਸ ਜਨਮ ਵਿੱਚ ਕਰ ਰਹੇ ਹੋਣ। ਦੋ ਚਾਰ ਗੱਲਾਂ ਤੋਂ ਬਾਅਦ ਰਸਮੀ ਗੱਲਾਂ ਛਿੜ ਪਈਆਂ ਸਨ। ਇੱਕ ਦੂਜੇ ਨੂੰ ਦੁਬਾਰਾ ਮਿਲਣ ਦਾ ਕੋਈ ਇਕਰਾਰ ਨਹੀਂ ਸੀ।
ਦਲਜੀਤ ਕੌਰ ਦੇ ਮਨ ਵਿੱਚ ਇੱਕ ਬਿੰਦ ਨਫ਼ਰਤ ਜ਼ਰੂਰ ਜਾਗੀ ਸੀ-ਇਹੀ ਬੰਦਾ ਹੈ, ਜਿਸ ਦੇ ਕਾਰਨ ਉਸ ਦੀ ਸਾਰੀ ਜ਼ਿੰਦਗੀ ਖ਼ਰਾਬ ਹੋ ਗਈ ਸੀ। ਉਸ ਦੀ ਕੁੱਖ ਬਾਂਝ ਰਹਿ ਗਈ ਸੀ, ਪਰ ਦੂਜੇ ਬਿੰਦ ਉਸ ਨੇ ਸੋਚਿਆ ਸੀ-ਇਸ ਦਾ ਕੀ ਕਸੂਰ। ਮੈਂ ਹੀ ਤਾਂ ਇਸ ਨੂੰ ਇਸ ਪਾਸੇ ਲਾਇਆ ਸੀ। ਇਹ ਤਾਂ ਵਿਚਾਰਾ ਡਰਦਾ ਹੀ ਬੜਾ ਹੁੰਦਾ ਸੀ।
ਉਸ ਤੋਂ ਬਾਅਦ ਉਹ ਫਿਰ ਵੀ ਕਈ ਵਾਰ ਬਜ਼ਾਰ ਵਿੱਚ ਮਿਲੇ ਸਨ। ਪੁਰਾਣੀ ਸਾਂਝ ਹੌਲੀ-ਹੌਲੀ ਨਵੀਂ ਬਣਨੀ ਸ਼ੁਰੂ ਹੋ ਗਈ ਸੀ। ਦੇਸ਼ਬੰਧੂ ਨੂੰ ਇੱਕ ਦਿਨ ਦਲਜੀਤ ਕੌਰ ਅਤੇ ਗਰੇਵਾਲ ਸਾਹਿਬ ਇਕੱਠੇ ਹੀ ਬਜ਼ਾਰ ਵਿੱਚ ਮਿਲੇ। ਦਲਜੀਤ ਕੌਰ ਨੇ ਗਰੇਵਾਲ ਸਾਹਿਬ ਨਾਲ ਉਸ ਦੀ ਜਾਣ ਪਹਿਚਾਣ ਕਰਵਾਈ ਤੇ ਦੱਸਿਆ ਕਿ ਵੀਰ ਜੀ ਸਾਡੇ ਪਿੰਡ ਦੇ ਹੀ ਹਨ। ਗਵਾਂਢ ਵਿਚੋਂ ਹੀ ਤੇ ਗਰੇਵਾਲ ਸਾਹਿਬ ਦਾ ਦੇਸ਼ਬੰਧੂ ਨਾਲ ਸਿੱਧਾ ਮਿਲਣ ਜੁਲਣ ਹੋ ਗਿਆ, ਇੱਕ ਦੂਜੇ ਦੇ ਘਰ ਆਉਣ ਜਾਣ ਵੀ।
ਦਲਜੀਤ ਕੌਰ ਸੋਚਦੀ, ਸਕੂਲ ਦਾ ਸਮਾਂ ਵੀ ਕਿਹੋ ਜਿਹਾ ਹੁਸੀਨ ਸਮਾਂ ਸੀ। ਇੱਕ ਵਾਰੀ ਉਸ ਨੇ ਤੇ ਦੇਸ਼ਬੰਧੂ ਨੇ ਸਲਾਹ ਕੀਤੀ ਸੀ ਕਿ ਉਹ ਵਿਆਹ ਕਰਵਾ ਲੈਣ, ਪਰ ਉਨ੍ਹਾਂ ਦਾ ਵਿਆਹ ਕਿਸ ਤਰ੍ਹਾਂ ਹੋ ਸਕਦਾ ਸੀ। ਦੇਸ਼ਬੰਧੂ ਤਾਂ ਖੱਤਰੀਆਂ ਦਾ ਮੁੰਡਾ ਸੀ, ਦਲਜੀਤ ਕੌਰ ਜੱਟਾਂ ਦੀ ਕੁੜੀ ਸੀ। ਬਿਲਕੁੱਲ ਹੀ ਅਸੰਭਵ ਤੇ ਫਿਰ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਚੋਰੀਓਂ ਹੀ ਇੱਕ ਦਿਨ ਘਰੋਂ ਨਿਕਲ ਜਾਣ, ਬੰਬਈ-ਕਲਕੱਤੇ ਜਾ ਰਹਿਣ। ਦੇਸ਼ਬੰਧੂ ਕੋਈ ਨੌਕਰੀ ਕਰ ਲਵੇ। ਉਹ ਮੌਜਾਂ ਨਾਲ ਪਤੀ ਪਤਨੀ ਬਣ ਕੇ ਰਹਿਣ। ਦਲਜੀਤ ਹੀ ਇਸ ਗੱਲ 'ਤੇ ਜ਼ੋਰ ਦੇ ਰਹੀ ਸੀ, ਦੇਸ਼ਬੰਧੂ ਲਈ ਤਾਂ ਇਹ ਗੱਲ ਬੜੀ ਹੀ ਔਖੀ ਸੀ। ਸੋ, ਉਹ ਮੰਨਿਆ ਨਹੀਂ ਸੀ। ਦਲਜੀਤ ਉਸ ਨਾਲ ਇਸ ਕਰਕੇ
ਅਫ਼ਸੋਸ

61