ਪੰਦਰਾਂ ਵੀਹ ਦਿਨ ਗੁੱਸੇ ਵੀ ਰਹੀ ਸੀ। ਹੁਣ ਉਸ ਨੂੰ ਜਦੋਂ ਉਹ ਦਿਨ ਯਾਦ ਆਉਂਦੇ ਸਨ ਤਾਂ ਉਸ ਦਾ ਹਉਂਕਾ ਨਿਕਲ ਜਾਂਦਾ ਸੀ। ਕੀ ਕਰਨਾ ਸੀ ਉਸ ਨੇ ਵਕੀਲ ਨਾਲ ਵਿਆਹ ਕਰਵਾ ਕੇ? ਉਸ ਦੀ ਜ਼ਮੀਨ, ਉਸ ਦੀ ਕੋਠੀ ਤੇ ਉਸ ਦੇ ਐਨੇ ਰੁਪਏ ਪੈਸੇ ਦਾ ਉਸ ਨੂੰ ਕੀ ਹੇਜ ਸੀ? ਜਦ ਉਸ ਦਾ ਵਿਆਹ ਹੋਇਆ ਸੀ, ਉਦੋਂ ਉਹ ਕਾਲਜ ਵਿੱਚ ਪੜ੍ਹਦਾ ਸੀ ਤੇ ਫਿਰ ਵਕਾਲਤ ਵਿੱਚ ਪੜ੍ਹਦਾ ਰਿਹਾ ਤੇ ਵਕਾਲਤ....! ਕੀ ਖਾਵੰਦ ਵਾਂਗ ਉਸ ਨੇ ਉਸ ਨੂੰ ਹੰਢਾ ਕੇ ਦੇਖਿਆ ਸੀ? ਤੇ ਫਿਰ ਉਸ ਦੀ ਜਦੋਂ ਦੂਜੀ ਸ਼ਾਦੀ ਹੋ ਗਈ ਸੀ ਤਾਂ ਉਹ ਰੰਡੀ ਦੇ ਸਮਾਨ ਸੀ।
ਉਹ ਸੋਚਦੀ ਸੀ, ਦੇਸ਼ਬੰਧੂ ਉਸ ਨੂੰ ਲੈ ਕੇ ਨਿਕਲ ਜਾਂਦਾ ਜਾਂ ਉਹ ਦੇਸ਼ਬੰਧੂ ਨੂੰ ਲੈ ਕੇ ਨਿਕਲ ਜਾਂਦੀ। ਚੰਦ ਵਰਗਾ ਉਹ ਬੱਚਾ ਜੰਮਦੀ। ਸ਼ਾਇਦ ਸੋਨੇ ਵਾਂਗ ਦਗਦਾ ਮੁੰਡਾ। ਜ਼ਾਤ ਪਾਤ ਦਾ ਕੀ ਸੀ? ਇਹ ਤਾਂ ਐਵੇਂ ਢਕਵੰਜ ਹਨ, ਦੁਨੀਆਂ ਦੇ। ਹੁਣ ਤਾਂ ਇਨ੍ਹਾਂ ਗੱਲਾਂ ਨੂੰ ਕੋਈ ਵਿਚਾਰਦਾ ਹੀ ਨਹੀਂ।
ਉਨ੍ਹਾਂ ਦੇ ਗਵਾਂਢ ਵਿੱਚ ਹੀ ਕਰਮ ਸਿੰਘ ਸੋਢੀ, ਜਿਹੜਾ ਕਾਲਜ ਵਿੱਚ ਹੈੱਡ ਕਲਰਕ ਸੀ, ਦੀ ਲੜਕੀ ਨੇ ਪੰਡਤਾਂ ਦੇ ਇੱਕ ਮੁੰਡੇ ਨੂੰ ਚੁਣ ਲਿਆ ਸੀ ਤੇ ਉਸ ਨਾਲ ਵਿਆਹ ਕਰਵਾ ਲਿਆ ਸੀ। ਸੋਢੀ ਸਾਹਿਬ ਆਪ ਹੀ ਮੰਨ ਗਏ ਸਨ। ਕੀ ਕਰਦੇ ਸੋਢੀ ਸਾਹਿਬ?
ਉਸ ਦਿਨ ਦੇਸ਼ਬੰਧੂ ਦੀ ਪਤਨੀ ਦੇ ਸੱਥਰ ’ਤੇ ਬੈਠੀ ਦਲਜੀਤ ਪਤਾ ਨਹੀਂ ਕੀ ਕੀ ਸੋਚ ਰਹੀ ਸੀ। ਦੇਸ਼ਬੰਧੂ ਆਪ ਪਤਾ ਨਹੀਂ ਕੀ ਕੀ-ਕੀ ਸੋਚ ਰਿਹਾ ਸੀ। ਦਲਜੀਤ ਕੌਰ ਉਸ ਦੀ ਪਤਨੀ ਮਰਨ ਪਿੱਛੋਂ ਅੱਜ ਤੀਜੀ ਵਾਰ ਉਸ ਦੇ ਘਰ ਆਈ ਸੀ। ਪਹਿਲੇ ਦਿਨ ਤਾਂ ਉਹ ਉਸ ਦਿਨ ਆਈ ਸੀ, ਜਿਸ ਦਿਨ ਉਸ ਦੀ ਪਤਨੀ ਦਾ ਦਾਹ ਸਸਕਾਰ ਕੀਤਾ ਗਿਆ ਸੀ। ਦੂਜੇ ਦਿਨ ਉਹ ਆਈ ਸੀ, ਜਿਸ ਦਿਨ ਉਸ ਦੀ ਪਤਨੀ ਦੇ ਫੁੱਲ ਚੁਗੇ ਗਏ ਸਨ। ਅੱਜ ਤੀਜਾ ਦਿਨ ਸੀ। ਪਹਿਲੇ ਦੋਵੇਂ ਦਿਨੀਂ ਉਹ ਕੋਈ ਵੀ ਗੱਲ ਦੇਸ਼ਬੰਧੂ ਨਾਲ ਨਹੀਂ ਸੀ ਕਰ ਸਕੀ। ਬੰਦਿਆਂ ਤੇ ਬੁੜ੍ਹੀਆਂ ਦੇ ਹੁੰਦਿਆਂ ਉਹ ਕੋਈ ਗੱਲ ਕਰ ਵੀ ਨਹੀਂ ਸੀ ਸਕਦੀ। ਐਵੇਂ ਹਾਅ ਦਾ ਨਾਅਰਾ ਜਿਹਾ ਮਾਰਿਆ ਸੀ। ਬੁੜ੍ਹੀਆਂ ਨਾਲ ਗੱਲਾਂ ਕੀਤੀਆਂ ਸਨ। ਅਸਲ ਗੱਲਾਂ ਤਾਂ ਉਹ ਦੇਸ਼ਬੰਧੂ ਨਾਲ ਹੀ ਕਰਨਾ ਚਾਹੁੰਦੀ ਸੀ। ਦੇਸ਼ਬੰਧੂ ਆਪ ਵੀ ਚਾਹੁੰਦਾ ਸੀ ਕਿ ਉਸ ਨਾਲ ਗੱਲ ਕਰੇ। ਆਪਣੇ ਮਨ ਦੀ ਭੜਾਸ ਕੱਢੇ। ਦਲਜੀਤ ਕੌਰ ਹੀ ਇੱਕ ਸੀ, ਜਿਸ ਨੂੰ ਉਹ ਆਪਣੀ ਸਮਝਦਾ ਸੀ, ਜਿਸ ਵਿੱਚ ਉਸ ਦਾ ਮਾਨਸਿਕ ਵਿਸ਼ਵਾਸ ਸੀ।
ਸ਼ਾਮ ਦਾ ਵੇਲਾ ਸੀ। ਹੌਲੀ-ਹੌਲੀ ਲੋਕ ਉੱਠ ਉੱਠ ਜਾ ਰਹੇ ਸਨ। ਇੱਕ ਦੋ ਨਵੇਂ ਆਉਂਦੇ ਸਨ। ਚਾਰ ਉੱਠ ਕੇ ਚਲੇ ਜਾਂਦੇ ਸਨ। ਏਵੇਂ ਜਿਵੇਂ ਬੁੜ੍ਹੀਆਂ ਉੱਠ ਉੱਠ ਜਾ ਰਹੀਆਂ ਸਨ। ਮਿਸਜ਼ ਗਰੇਵਾਲ ਉਵੇਂ ਬੈਠੀ ਸੀ। ਉਹ ਤਾਂ ਇਸ ਤਰ੍ਹਾਂ ਬੈਠੀ ਸੀ, ਜਿਵੇਂ ਆਪਣੇ ਘਰ ਨੂੰ ਜਾਣਾ ਹੀ ਨਾ ਹੋਵੇ।
ਬੰਦੇ ਸਭ ਚਲੇ ਗਏ ਸਨ।
ਬੁੜ੍ਹੀਆਂ ਸਭ ਚਲੀਆਂ ਗਈਆਂ ਸਨ।
ਦਿਨ ਬਿਲਕੁੱਲ ਹੀ ਛਿਪ ਗਿਆ ਸੀ।
ਮਿਸਜ਼ ਗਰੇਵਾਲ ਤਾਂ ਅਜੇ ਵੀ ਦੇਸ਼ਬੰਧੂ ਦੀ ਭੈਣ ਨਾਲ ਗੱਲਾਂ ਕਰ ਰਹੀ ਸੀ।
62
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ