ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਤੇ ਫਿਰ ਦੇਸ਼ਬੰਧੂ ਦੀ ਭੈਣ ਨੇ ਚੁੱਲ੍ਹੇ ਵਿੱਚ ਅੱਗ ਬਾਲ ਕੇ ਮੂੰਗੀ ਧੋਵੀਂ ਦਾਲ ਰਿੱਝਣੀ ਧਰ ਦਿੱਤੀ। ਪਰਾਤ ਵਿੱਚ ਆਟਾ ਛਾਣ ਕੇ ਉਸ ਨੂੰ ਗੁੰਨ੍ਹਣ ਲੱਗੀ। ਦੇਸ਼ਬੰਧੂ ਦੇ ਤਿੰਨੇ ਬੱਚੇ ਚੁੱਲ੍ਹੇ ਕੋਲ ਚੁੱਪ ਚਾਪ ਬੈਠੇ ਸਨ। ਦੇਸ਼ਬੰਧੂ ਤੇ ਮਿਸਜ਼ ਗਰੇਵਾਲ ਇੱਕ ਕਮਰੇ ਵਿੱਚ ਬੈਠ ਗਏ। ਬਿਜਲੀ ਦੀ ਰੋਸ਼ਨੀ ਸੀ। ਕੋਈ ਕੋਈ ਗੱਲ ਦਲਜੀਤ ਕੌਰ ਕਰਦੀ ਸੀ, ਕੋਈ ਕੋਈ ਗੱਲ ਦੇਸ਼ਬੰਧੂ ਕਰਦਾ ਸੀ।
'ਹੁਣ ਤਾਂ ਤੂੰ ਮਨ ਨੂੰ ਸਮਝਾ, ਦੇਸ਼, ਦਲਜੀਤ ਆਖ ਰਹੀ ਸੀ।
‘ਮਨ ਨੂੰ ਸਮਝਾ ਕੇ ਕੀ ਕਰਾਂਗਾ, ਜੀਤਾਂ। ਮੇਰੀ ਤਾਂ ਖ਼ੈਰ ਹੈ, ਇਨ੍ਹਾਂ ਤਿੰਨ ਬੱਚਿਆਂ ਦਾ ਕੀ ਬਣੇਗਾ, ਉਹ ਮੱਥੇ 'ਤੇ ਹੱਥ ਧਰੀ ਬੈਠਾ ਸੀ।
‘ਇਨ੍ਹਾਂ ਦੀ ਮਾਂ ਮੁੜ ਕੇ ਤਾਂ ਆਉਣੀ ਨਹੀਂ। ਹੁਣ ਤਾਂ ਬੱਚਿਆਂ ਦਾ ਬਾਪ ਵੀ ਤੂੰ, ਮਾਂ ਵੀ ਤੂੰ।'
‘ਠੀਕ ਹੈ, ਪਰ ... ਦੇਸ਼ਬੰਧੂ ਦਲਜੀਤ ਵੱਲ ਖ਼ਾਲੀ ਖ਼ਾਲੀ ਅੱਖਾਂ ਨਾਲ ਝਾਕਣ ਲੱਗਿਆ।
‘ਤੈਨੂੰ ਕੋਈ ਪੁਰਾਣੀ ਗੱਲ ਯਾਦ ਹੈ, ਦੇਸ਼?'
‘ਹਾਂ, ਪੁਰਾਣੀਆਂ ਗੱਲਾਂ ਭੁੱਲਦੀਆਂ ਕੀਹਨੂੰ ਹੁੰਦੀਆ ਨੇ?
‘ਯਾਦ ਹੈ, ਮੈਂ ਤੈਨੂੰ ਇੱਕ ਵਾਰੀ ਆਖਿਆ ਸੀ, ਚੱਲ ਨਿਕਲ ਚੱਲੀਏ। ਬੰਬਈ-ਕਲਕੱਤੇ ਚਲੇ ਜਾਈਏ।'
‘ਹਾਂ, ਮੈਂ ਉਦੋਂ ਡਰ ਗਿਆ ਸੀ, ਦਲਜੀਤ।'
ਪਰ ਤੈਨੂੰ ਪਤਾ ਹੈ, ਦੇਸ਼, ਮੈਂ ਅਜੇ ਵੀ ਉਨ੍ਹਾਂ ਹੀ ਸ਼ਬਦਾਂ ’ਤੇ ਕਾਇਮ ਹਾਂ। ਗੱਲ 'ਤੇ ਡਿੱਗੀ ਕਰੜ ਬਰੜੀ ਲਿਟ ਨੂੰ ਉਸ ਨੇ ਉਤਾਂਹ ਕੀਤਾ ਤੇ ਮੱਥੇ ਦੀਆਂ ਰੇਖਾਵਾਂ ਨੂੰ ਉਂਗਲਾਂ ਨਾਲ ਮਲ ਮਲ ਕੇ ਮਿਟਾਉਣ ਦੀ ਕੋਸ਼ਿਸ਼ ਕਰਨ ਲੱਗੀ।
‘ਮਤਲਬ?' ਦੇਸ਼ਬੰਧੂ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ।
‘ਮੇਰੇ ਪਤੀ ਦੇ ਸਭ ਕੁਝ ਹੈ, ਜ਼ਮੀਨ ਹੈ, ਜਾਇਦਾਦ ਹੈ, ਔਲਾਦ ਹੈ, ਰੁਪਈਆ ਪੈਸਾ ਮਾਣ ਇੱਜ਼ਤ ਸਭ ਕੁਝ ਹੈ, ਪਰ ਮੇਰਾ ਉਸ ਨਾਲ ਕੋਈ ਸਬੰਧ ਨਹੀਂ। ਮੈਨੂੰ ਤਾਂ ਇਉਂ ਲੱਗਦਾ ਹੈ, ਜਿਵੇਂ ਅਜੇ ਮੈਂ ਕੰਵਾਰੀ ਹੋਵਾਂ। ਖਾਵੰਦਾ ਤਾਂ ਅਜੇ ਜਿਵੇਂ ਮੈਂ ਚੁਣਨਾ ਹੋਵੇ।'
'ਹੁਣ ਕੀ ਫ਼ਾਇਦਾ ਇਨ੍ਹਾਂ ਗੱਲਾਂ ਦਾ, ਜੀਤਾਂ, ਜਵਾਨੀ ਤਾਂ ਬੀਤ ਗਈ।'
‘ਜਵਾਨੀ ਬੀਤ ਗਈ ਤਾਂ ਕੀ ਹੋਇਆ? ਜਵਾਨੀ ਥੋੜ੍ਹੀ ਹੁੰਦੀ ਹੈ, ਸੋ ਬੀਤ ਹੀ ਜਾਂਦੀ ਹੈ। ਸਵਾਲ ਤਾਂ ਜਵਾਨੀ ਤੋਂ ਪਿੱਛੋਂ ਦੀ ਉਮਰ ਦਾ ਹੈ।'
'ਹਿੰਮਤ ਹੈ ਤੇਰੇ ਵਿੱਚ? ਪਤੈ, ਗਰੇਵਾਲ ਸਾਹਿਬ ਐਡਵੋਕੇਟ ਨੇ।'
‘ਕਿਸੇ ਐਡਵੋਕੇਟ ਦੀ ਮੈਨੂੰ ਪ੍ਰਵਾਹ ਨਹੀਂ। ਤੂੰ ਇੱਕ ਵਾਰੀ ਹਾਂਅ ਆਖ ਦੇ। ਉਸ ਬੁੱਢੇ ਘੋਗੜ ਦੇ ਬੱਚਿਆ ਨਾਲ ਮੈਂ ਤੇਰੇ ਬੱਚਿਆਂ ਦੀ ਮਾਂ ਬਣਾਂਗੀ। ਤੂੰ ਇੱਕ ਵਾਰੀ ਹਾਂਅ ਕਹਿ ਦੇ। ਮੈਨੂੰ ਕਿਸੇ ਦੀ ਪ੍ਰਵਾਹ ਨਹੀਂ।'
‘ਚੰਗਾ, ਠੀਕ ਐ, ਭੋਗ ਪੈ ਲੈਣ ਦੇ।’ ਦੇਸ਼ਬੰਧੂ ਨੇ ਦਲਜੀਤ ਕੌਰ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਿਆ।
ਦੇਸ਼ਬੰਧੂ ਦੀ ਭੈਣ ਨਾਲ ਰਸਮੀ ਜਿਹੀ ਇੱਕ ਅੱਧੀ ਗੱਲ ਕਰਕੇ ਤੇ ਤਿੰਨਾਂ ਬੱਚਿਆਂ ਨੂੰ ਪਿਆਰ ਦੇ ਕੇ ਉਹ ਘਰ ਨੂੰ ਚਲੀ ਗਈ।♦

ਅਫ਼ਸੋਸ

63