ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁਰਾਣੀ ਜਲੂਣ



ਹਰੀਸ਼ ਦਾ ਚਿੱਤ ਅੱਜ ਡਿੱਗੂ ਡਿੱਗੂੰ ਕਰਦਾ ਸੀ।ਉਹ ਪਲੇ ਪਲੇ ਅਗਵਾੜੀਆਂ ਭੰਨਦਾ ਤੇ ਪਲੇ ਪਲੇ ਉਸ ਨੂੰ ਉਬਾਸੀਆਂ ਆਉਂਦੀਆਂ। ਉਹ ਦਫ਼ਤਰ ਵਿੱਚ ਟਿਕ ਕੇ ਨਹੀਂ ਸੀ ਬੈਠ ਸਕਦਾ। ਬਾਹਰ ਜਮਾਤਾਂ ਵੱਲ ਗੇੜਾ ਮਾਰਦਾ ਤੇ ਫੇਰ ਦਫ਼ਤਰ ਵਿੱਚ ਕੁਰਸੀ ਤੇ ਆ ਕੇ ਢੇਰੀ ਹੋ ਜਾਂਦਾ। ਅੱਜ ਉਹ ਦਾ ਕਾਲਜਾ ਜਿਵੇਂ ਧਰਤੀ ਤੇ ਡਿੱਗਣ ਨੂੰ ਕਹਿੰਦਾ ਸੀ ਤੇ ਉਸ ਨੂੰ ਮਸਾਂ ਮਸਾਂ ਘੁੱਟ ਕੇ ਉਸ ਨੇ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ ਸੀ।
ਅੱਜ ਤੜਕੇ ਜਦ ਉਹ ਘਰੋਂ ਆਇਆ ਸੀ, ਉਦੋਂ ਤੋਂ ਹੀ ਉਹ ਦਾ ਮਨ ਉਦਾਸ ਸੀ। ਤੜਕੇ ਤੜਕੇ ਸਕੂਲ ਨੂੰ ਜਾਣ ਤੋਂ ਪਹਿਲਾਂ ਇੱਕ ਜ਼ਰੂਰੀ ਕਾਗਜ਼ ਉਹ ਨੂੰ ਲੱਭਦਾ ਨਹੀਂ ਸੀ। ਉਸ ਨੇ ਆਪਣੇ ਸਾਰੇ ਟਰੰਕ, ਦੋਵੇਂ ਤਿੰਨੇ ਅਟੈਚੀ, ਅਲਮਾਰੀਆਂ ਤੇ ਛਿੱਕੂ ਪਤ ਪਤ ਕਰਕੇ ਦੇਖ ਲਏ ਸਨ, ਪਰ ਕਾਗਜ਼ ਨਹੀਂ ਸੀ ਮਿਲਿਆ। ਉਸ ਨੇ ਆਪਣੀਆਂ ਪੁਰਾਣੀਆਂ ਡਾਇਰੀਆਂ ਫਰੋਲ ਕੇ ਦੇਖੀਆਂ ਤੇ ਫੇਰ ਐਵੇਂ ਹੀ ਕਈ ਕਈ ਸਾਲ ਪੁਰਾਣੀਆਂ ਗੱਲਾਂ ਡਾਇਰੀਆਂ ਵਿਚੋਂ ਪੜ੍ਹ ਪੜ੍ਹ ਕੇ ਪਰਚਦਾ ਰਿਹਾ। ਇੱਕ ਡਾਇਰੀ ਵਿਚੋਂ ਉਸ ਨੂੰ ਇੱਕ ਛੋਟੀ ਜਿਹੀ ਤਸਵੀਰ ਲੱਭ ਪਈ। ਉਹ ਤਸਵੀਰ ਲਖਵੀਰ ਦੀ ਸੀ।
ਤੀਹ ਸਾਲ ਹੋਏ ਇੱਕ ਪਿੰਡੋਂ ਉਸ ਦੀ ਬਦਲੀ ਹੋਈ ਸੀ। ਬਦਲੀ ਹੋਈ ਕਾਹਨੂੰ ਉਹ ਨੇ ਆਪ ਹੀ ਕਰਵਾ ਲਈ ਸੀ। ਉਸ ਪਿੰਡ ਵਿੱਚ ਉਹ ਦੀ ਚਰਚਾ ਬੜੀ ਹੋ ਗਈ। ਲੋਕ ਕਹਿੰਦੇ ਸਨ-'ਇਹ ਮਾਸਟਰ ਹੁਣ ਐਥੋਂ ਆਪ ਹੀ ਨੀਂ ਜਾਂਦਾ, ਇਹ ਦੀ ਲੋਥ ਜਾਊ।'
ਉਸ ਪਿੰਡ ਉਸ ਦੇ ਗਵਾਂਢ ਵਿੱਚ ਹੀ ਲਖਬੀਰ ਇੱਕ ਕੁੜੀ ਸੀ। ਬਣਦਾ ਤਣਦਾ ਕੱਦ, ਭਰਵਾਂ ਸਰੀਰ, ਹੱਥ ਲਾਏ ਤੋਂ ਮੈਲਾ ਹੁੰਦਾ ਗੋਰਾ ਚਿੱਟਾ ਤੇ ਮੁਲਾਇਮ ਪਿੰਡਾ ਅਤੇ ਦਿਲ ਨੂੰ ਕੀਲ ਲੈਣ ਵਾਲੀਆਂ ਮੋਟੀਆਂ ਮੋਟੀਆਂ ਅੱਖਾਂ ਦੀ ਖਿੱਚ। ਹਰੀਸ਼ ਨੇ ਪਹਿਲੇ ਦਿਨ ਹੀ ਜਦ ਉਹ ਕੁੜੀ ਦੇਖੀ ਸੀ ਤਾਂ ਥਾਈਂ ਹੀ ਢੇਰੀ ਹੋ ਗਿਆ ਸੀ। ਉਹ ਤਿੰਨ ਵਾਰੀ ਦਸਵੀਂ ਵਿਚੋਂ ਫੇਲ੍ਹ ਹੋ ਚੁੱਕੀ ਸੀ ਤੇ ਫੇਰ ਉਹ ਦੇ ਘਰਦਿਆਂ ਨੇ ਸਮਝ ਲਿਆ ਸੀ-'ਕੁੜੀ ਦੇ ਚਾਲੇ ਕਸੂਤੇ ਨੇ। ਇਹ ਨੂੰ ਫਟਾ ਫੱਟ ਵਿਆਹ ਦੇਈਏ ਤਾਂ ਠੀਕ ਐ।"
ਲਖਬੀਰ ਦਾ ਪਤੀ ਫ਼ੌਜ ਵਿੱਚ ਭਰਤੀ ਇੱਕ ਮਲੂਕ ਜਿਹਾ ਵੀਹ ਸਾਲਾ ਗੱਭਰੂ ਸੀ।
ਹਰੀਸ਼ ਜਦ ਉਹ ਪਿੰਡ ਹੁੰਦਾ ਸੀ, ਕੇਵਲ ਦਸਵੀਂ ਪਾਸ ਸੀ। ਫੇਰ ਕਈ ਸਾਲਾਂ ਵਿੱਚ ਮਰਦੇ ਪੈਂਦੇ ਨੇ ਉਸ ਨੇ ਬੀ. ਏ. ਕਰ ਲਈ ਸੀ। ਫੇਰ ਔਖੇ ਸੁਖਾਲੇ ਨੇ ਬੀ. ਟੀ. ਵੀ ਕਰ ਲਈ ਤੇ ਐੱਮ. ਏ. ਵੀ। ਹੁਣ ਉਹ ਇਸ ਪਿੰਡ ਹਾਇਰ ਸੈਕੰਡਰੀ ਸਕੂਲ ਦਾ

64

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ