ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/65

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਿੰਸੀਪਲ ਲੱਗਿਆ ਹੋਇਆ ਸੀ। ਪ੍ਰਿੰਸੀਪਲ ਲੱਗੇ ਨੂੰ ਉਸ ਨੂੰ ਦੋ ਸਾਲ ਹੀ ਹੋਏ ਸਨ। ਉਸ ਦਾ ਇੱਕ ਮੁੰਡਾ ਡਾਕਟਰੀ ਦੀ ਪੜ੍ਹਾਈ ਕਰਦਾ ਸੀ ਤੇ ਇੱਕ ਇੱਥੇ ਉਸ ਦੇ ਕੋਲ ਹੀ ਦਸਵੀਂ ਵਿੱਚ ਪੜ੍ਹਦਾ ਸੀ। ਇੱਕੋਂ ਇੱਕ ਵੱਡੀ ਕੁੜੀ ਬੀ. ਏ. ਕਰ ਗਈ ਸੀ ਤੇ ਵਿਆਹ ਦਿੱਤੀ ਸੀ।
ਹਾਂ-ਹਰੀਸ਼ ਅੱਜ ਤੜਕੇ ਤੋਂ ਹੀ ਜਦੋਂ ਤੋਂ ਘਰੋਂ ਆਇਆ ਸੀ, ਬਹੁਤ ਉਦਾਸ ਸੀ।
ਗਰਮੀ ਮੁੱਕ ਰਹੀ ਸੀ ਤੇ ਸਿਆਲ ਸ਼ੁਰੂ ਹੋਣ ਵਾਲਾ ਸੀ। ਸਕੂਲ ਵਿੱਚ ਪੜ੍ਹਾਈ ਦਾ ਪੂਰਾ ਜ਼ੋਰ ਸੀ। ਕੋਈ ਮਾਸਟਰ ਆਪਣੀ ਜਮਾਤ ਵਿਹਲੀ ਨਹੀਂ ਸੀ। ਛੱਡਦਾ। ਸਭ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ। ਅੱਠਵੀਂ ਦੇ ਇਮਤਿਹਾਨ ਦੇ ਦਾਖ਼ਲੇ ਜਾ ਰਹੇ ਸਨ।
ਹਰੀਸ਼ ਦਫ਼ਤਰ ਵਿੱਚ ਬੈਠਾ ਪੂਰਾ ਦੁਖੀ ਸੀ। ਬਿੰਦੇ ਬਿੰਦੇ ਆਪਣੀ ਜੇਬ ਵਿਚੋਂ ਉਹ ਬਟੂਆ ਕੱਢਦਾ ਤੇ ਉਸ ਵਿੱਚ ਲੁਕੋ ਕੇ ਪਾਈ ਲਖਬੀਰ ਦੀ ਤਸਵੀਰ ਦੇਖ ਲੈਂਦਾ।
'ਤੇਰੀ ਮੁਹੱਬਤ ਹਵਸ ਤੋਂ ਸ਼ੁਰੂ ਹੋਈ ਐ। ਮੈਨੂੰ ਲਗਦੈ ਇਹ ਨਿਭਣੀ ਨੀ?' ਇੱਕ ਦਿਨ ਉਸ ਨੇ ਲਖਬੀਰ ਨੂੰ ਕਿਹਾ ਸੀ।
'ਮੁਹੱਬਤ ਦਾ ਤੇ ਹਵਸ ਦਾ ਤਾਂ ਮੈਨੂੰ ਪਤਾ ਨ੍ਹੀਂ। ਮੇਰੇ ਅੰਗ ਅੰਗ ਵਿੱਚ ਜਿਹੜੀ ਤੋਂ ਇੱਕ ਅਪਣੱਤ ਜੀ ਧੜਕਾ ਦਿੱਤੀ ਐ, ਉਹ ਮੈਥੋਂ ਸਾਰੀ ਉਮਰ ਨੀਂ ਭੁੱਲਣੀ।' ਲਖਬੀਰ ਨੇ ਜਵਾਬ ਦਿੱਤਾ ਸੀ।
ਅੱਜ ਉਹੀ ਅਪਣੱਤ ਜਿਹੜੀ ਉਸ ਨੇ ਲਖਬੀਰ ਨੂੰ ਕਦੇ ਦਿੱਤੀ ਸੀ, ਉਸ ਦੇ ਆਪਣੇ ਅੰਗਾਂ ਵਿੱਚ ਧੜਕਣ ਲੱਗ ਪਈ ਸੀ। ਵੱਡੇ ਵੱਡੇ ਧੀਆਂ ਪੁੱਤਾਂ ਨੂੰ ਦੇਖ ਕੇ, ਅੱਧੇ ਧੌਲਿਆਂ ਵਾਲੇ ਆਪਣੇ ਸਿਰ 'ਤੇ ਹੱਥ ਫੇਰ ਕੇ ਤੇ ਇਸ ਪਿੰਡ ਵਿੱਚ ਆਪਣੇ ਸਾਊਂ ਵਿਹਾਰ ਨੂੰ ਜਾਣ ਕੇ ਉਸ ਨੂੰ ਨਮੋਸ਼ੀ ਜਿਹੀ ਵੀ ਆਉਂਦੀ ਕਿ ਇਹ ਪੁਰਾਣੀ ਜਲੂਣ ਮੈਂ ਕਿੱਥੋਂ ਆਪਣੀ ਹਿੱਕ ਵਿੱਚ ਸੁਲਗਾ ਲਈ ਐ? ਲੱਖ ਯਤਨਾਂ ਦੇ ਬਾਅਦ ਵੀ ਪਰ ਲਖਬੀਰ ਦਾ ਨਿੱਖਰਵਾਂ ਮੂੰਹ ਉਸ ਦੇ ਜ਼ਹਿਨ ਵਿੱਚ ਆ ਬਹਿੰਦਾ। ਇਹ ਵਿਆਹ ਤੇ ਵਿਆਹਾਂ ਵਿਚੋਂ ਜੰਮੇ ਇਹ ਮੁੰਡੇ ਕੁੜੀਆਂ ਤਾਂ ਐਵੇਂ ਸਮਾਜਕ ਬੰਧਨ ਤੇ ਦਿਖਾਵਾ ਹਨ-ਉਸ ਦੇ ਦਿਮਾਗ਼ ਵਿਚੋਂ ਤੁਫ਼ਾਨ ਖੜਾ ਹੋ ਗਿਆ। ਸਮਾਜ ਨੂੰ ਲੋਹੇ ਦੀਆਂ ਕੰਧਾਂ ਵਾਲੇ ਘਰ ਵਿੱਚ ਕੈਦ ਕਰਕੇ ਤੇ ਸੂਰਜ ਨੂੰ ਡੂੰਘੇ ਟੋਏ ਵਿੱਚ ਦੱਬ ਕੇ ਜਿਹੜੀ ਖੁੱਲ੍ਹ ਕਿਸੇ ਕੁੜੀ ਨਾਲ ਮਾਣੀ ਹੋਵੇ, ਉਸ ਤੋਂ ਵੱਡਾ ਤੇ ਗੰਢਵਾ ਗੁੰਦਵਾਂ ਰਿਸ਼ਤਾ ਕਿਸੇ ਤੀਵੀਂ ਨਾਲ ਧਰਤੀ ਦੀ ਕੁੰਡ ’ਤੇ ਹੋਰ ਕੋਈ ਨਹੀਂ।
ਉਸ ਦਾ ਧਿਆਨ ਬੈਠੇ ਬੈਠੇ ਦਾ ਦਫ਼ਤਰ ਦੀਆਂ ਉੱਚੀਆਂ ਉੱਚੀਆਂ ਕੰਧਾਂ ਨਾਲ ਲਟਕਦੀਆਂ ਸੈਨਿਕ ਸ਼ਹੀਦਾਂ ਦੀਆਂ ਤਸਵੀਰਾਂ ਵੱਲ ਚਲਿਆ ਗਿਆ। ਅੱਜ ਉਸ ਨੇ ਮੂੰਹ ਦੀ ਹਜਾਮਤ ਵੀ ਨਹੀਂ ਸੀ ਕੀਤੀ। ਉਸ ਨੇ ਆਪਣੇ ਚਿਹਰੇ ਤੇ ਹੱਥ ਫੇਰਿਆ। ਦਾੜੀ ਦੇ ਕਰਚੇ ਰੜਕਦੇ ਉਸ ਨੂੰ ਇਉਂ ਲੱਗੇ ਜਿਵੇਂ ਉਸ ਦੇ ਦਿਮਾਗ ਵਿੱਚ ਕਈ ਯਾਦਾਂ ਰੜਕਦੀਆਂ ਹੋਣ ਤੇ ਉਸ ਦਾ ਮਨ ਛਿੱਲਿਆ ਜਾ ਰਿਹਾ ਹੋਵੇ। ਫਿਰ ਉਸ ਨੂੰ ਯਾਦ ਆਇਆ ਕਿ ਲਖ਼ਬੀਰ ਵੀ ਇੱਕ ਫ਼ੌਜੀ ਨਾਲ ਵਿਆਹੀ ਗਈ ਸੀ। ਉਸ ਦੇ ਵਿਆਹ ਤੋਂ ਪਿੱਛੋਂ ਉਹ ਉਸ ਨੂੰ ਕਦੇ ਵੀ ਨਹੀਂ ਸੀ ਮਿਲੀ। ਪਤਾ ਨਹੀਂ ਉਹ ਹੁਣ ਕਿਹੋ ਜਿਹੀ ਹੋਵੇਗੀ? ਹੁਣ ਤਾਂ ਉਸ ਦੇ ਕਈ ਜਵਾਕ ਹੋ ਗਏ ਹੋਣਗੇ? ਉਸ ਦਾ ਫ਼ੌਜੀ ਹੁਣ

ਪੁਰਾਣੀ ਜਲੂਣ
65