ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਕੋਈ ਤਰੱਕੀ ਕਰ ਗਿਆ ਹੋਣੈ? ਜਾਂ ਹੋ ਸਕਦੈ ਚੀਨ ਦੀ ਲੜਾਈ ਜਾਂ ਪਾਕਿਸਤਾਨ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਹੋਵੇ?

ਉਸ ਦੇ ਮਨ ਵਿੱਚ ਇਹ ਉਤਰਾਅ ਚੜ੍ਹਾ ਉੱਠ ਰਹੇ ਸਨ ਕਿ ਇੱਕ ਮਾਸਟਰ ਹਰਖਿਆ ਹੋਇਆ ਇੱਕ ਮੁੰਡੇ ਨੂੰ ਡੌਲਿਓਂ ਫੜੀ ਅੰਦਰ ਆਇਆ। ਕਹਿੰਦਾ-ਦੇਖੋ ਜੀ, ਸਾਰੇ ਮੁੰਡਿਆਂ ਦਾ ਦਾਖ਼ਲਾ ਆ ਗਿਆ। ਇਸ ਮੁੰਡੇ ਨੇ ਲਹੂ ਪੀ ਲਿਐ। ਦਾਖ਼ਲਾ ਈ ਲਿਆ ਕੇ ਨ੍ਹੀਂ ਦਿੰਦਾ। ਦੱਸੋਂ, ਆਹ ਥੋਡੇ ਸਾਹਮਣੇ ਖੜੈ।’ ਐਨੀ ਗੱਲ ਕਹਿ ਕੇ ਮਾਸਟਰ ਤਾਂ ਚਲਿਆ ਗਿਆ ਤੇ ਉਹ ਮੁੰਡਾ ਓਥੇ ਹੀ ਪ੍ਰਿੰਸੀਪਲ ਦੀ ਮੇਜ਼ ਕੋਲ ਖੜ੍ਹਾ ਰਿਹਾ।

‘ਤੇਰਾ ਪਿਓ ਕੀ ਕੰਮ ਕਰਦਾ?' ਪ੍ਰਿੰਸੀਪਲ ਨੇ ਪੁੱਛਿਆ।

'ਮੈਂ ਤਾਂ ਜੀ ਆਪਣੇ ਮਾਮੇ ਕੋਲ ਰਹਿਨਾਂ। ਮੇਰਾ ਮਾਮਾ ਐਥੇ ਪਟਵਾਰੀ ਐ।' ਮੁੰਡੇ ਨੇ ਡਰ ਡਰ ਕੇ ਜਵਾਬ ਦਿੱਤਾ।

‘ਫੀਸ ਤੇਰੀ ਫੇਰ ਬਾਰਾਂ ਰੁਪਈਏ ਕੌਣ ਦਿਊ? ਜਾਅ ਆਪਣੇ ਮਾਮੇ ਨੂੰ ਬੁਲਾ ਕੇ ਲਿਆ।' ਉਸ ਨੇ ਝਿੜਕ ਕੇ ਕਿਹਾ।

ਬਿੱਟੂ ਦਾ ਮਾਮਾ ਤਾਂ ਘਰ ਨਹੀਂ ਸੀ। ਬਿੱਟੂ ਦੀ ਮਾਂ ਆਈ ਹੋਈ ਸੀ। ਉਹ ਉਹ ਦੇ ਨਾਲ ਸਕੂਲ ਆ ਗਈ। ਦਫ਼ਤਰ ਵਿੱਚ ਜਦ ਉਹ ਆ ਕੇ ਵੜੀ ਪ੍ਰਿੰਸੀਪਲ ਦੇ ਮੂੰਹ ਨੂੰ ਦੇਖ ਕੇ ਥਾਂ ਦੀ ਥਾਂ ਖੜ੍ਹੀ ਰਹਿ ਗਈ। ਇਹ ਬੰਦਾ ਸ਼ਾਇਦ ਉਸ ਨੇ ਕਦੇ ਦੇਖਿਆ ਸੀ। ਪ੍ਰਿੰਸੀਪਲ ਨੇ ਜਦ ਬਿੱਟੂ ਦੇ ਨਾਲ ਉਸ ਔਰਤ ਨੂੰ ਦੇਖਿਆ ਤਾਂ ਚੁੱਪ ਦਾ ਚੁੱਪ ਬੈਠਾ ਰਿਹਾ ਗਿਆ। ਇਹ ਔਰਤ ਸ਼ਾਇਦ ਉਸ ਨੇ ਕਦੇ ਦੇਖੀ ਸੀ। ਦਿਲ ਕਰੜਾ ਕਰਕੇ ਤੇ ਮੂੰਹ ਹੋਰ ਪਾਸੇ ਭੰਵਾ ਕੇ ਪ੍ਰਿੰਸੀਪਲ ਨੇ ਪੁੱਛਿਆ-‘ਇਹ ਥੋਡਾ ਲੜਕੈ ਜੀ?'

'ਹਾਂ ਜੀ, ਵੀਰ ਜੀ ਤਸੀਲ ਗਏ ਹੋਏ ਨੇ। ਅੱਜ ਆ ’ਗੇ ਤਾਂ ਦਾਖ਼ਲਾ ਕੱਲ੍ਹ ਨੂੰ ਇਹ ਲੈ ਆਊਂ।' ਬਿੱਟੂ ਦੀ ਮਾਂ ਨੇ ਨੀਵੀਂ ਪਾ ਕੇ ਬੇਝਿਜਕ ਆਖ ਦਿੱਤਾ।

‘ਬਿੱਟ ਦੇ ਬਾਪੂ ਜੀ ਕੀ ਕੰਮ ਕਰਦੇ ਐ?' ਜਿਵੇਂ ਉਸ ਦੇ ਅੰਦਰੋਂ ਸਵਾਲ ਉੱਠਿਆ ਹੋਵੇ।

'ਉਹ ਤਾਂ ਫ਼ੌਜ ਵਿੱਚ ਸੂਬੇਦਾਰ ਨੇ। ਐਸ ਮਹੀਨੇ ਉਨ੍ਹਾਂ ਦਾ ਮਨੀਆਰਡਰ ਈ ਨ੍ਹੀਂ ਆਇਆ।’ ਬਿੱਟੂ ਦੀ ਮਾਂ ਦੱਸ ਰਹੀ ਸੀ। ਪ੍ਰਿੰਸੀਪਲ ਨੇ ਬਿੱਟੂ ਨੂੰ ਜਮਾਤ ਵਿੱਚ ਭੇਜ ਦਿੱਤਾ ਤੇ ਉਸ ਦੀ ਮਾਂ ਨੂੰ ਕੁਰਸੀ 'ਤੇ ਬੈਠਣ ਲਈ ਆਖਿਆ। ਆਪ ਪ੍ਰਿੰਸੀਪਲ ਅੱਠਵੀਂ ਜਮਾਤ ਦੇ ਇੰਚਾਰਜ ਕੋਲ ਚਲਿਆ ਗਿਆ। ਉਸ ਨੂੰ ਆਪਣੀ ਜੇਬ੍ਹ ਵਿਚੋਂ ਬਾਰਾਂ ਰੁਪਈਏ ਦੇ ਕੇ ਕਿਹਾ-"ਬਿੱਟੂ ਦੀ ਫ਼ੀਸ ਮਾਸਟਰ ਜੀ ਉਹ ਦੀ ਮਾਂ ਇਹ ਲੈ ਆਈ ਐ।’ ਤੇ ਚਪੜਾਸੀ ਨੂੰ ਬੁਲਾ ਕੇ ਕਿਹਾ- 'ਦਫ਼ਤਰ ਵਿੱਚ ਜਿਹੜੀ ਮਾਈ ਬੈਠੀ ਐ, ਉਸ ਨੂੰ ਕਹਿ ਦੇ-ਤੁਸੀਂ ਬੀਬੀ ਜੀ ਜਾਓ ਘਰ ਨੂੰ। 'ਤੇ ਆਪ ਪ੍ਰਿੰਸੀਪਲ ਦੂਰ ਗੇਂਦੇ ਦੇ ਫੁੱਲਾਂ ਦੀ ਕਤਾਰ ਦੇ ਉਹਲੇ ਕੁਰਸੀ ਡੁਹਾ ਕੇ ਜਾ ਬੈਠਾ। ਸਾਰੀ ਛੁੱਟੀ ਹੋਣ ਤੱਕ ਉੱਥੇ ਹੀ ਬੈਠਾ ਰਿਹਾ। ਚਪੜਾਸੀ ਨੇ ਇੱਕ ਦੋ ਵਾਰੀ ਕੋਲ ਜਾ ਕੇ ਦੇਖਿਆ, ਪ੍ਰਿੰਸੀਪਲ ਦੀਆਂ ਅੱਖੀਆਂ ਗਿੱਲੀਆਂ ਸਨ। ਮਾਸਟਰ ਜੇ ਕੋਈ ਉਹਦੇ ਕੋਲ ਕੋਈ ਗੱਲ ਪੁੱਛਣ ਜਾਂਦਾ ਤਾਂ ਪ੍ਰਿੰਸੀਪਲ ਦਾ ਸੰਵਾਰ ਦੇ ਮੂੰਹ ਨਹੀਂ ਸੀ ਖੁੱਲ੍ਹਦਾ। ਸਾਰਾ ਸਕੂਲ ਹੈਰਾਨ ਸੀ-'ਖੁੱਦੋਂ ਵਾਂਗ ਟੱਪਦਾ ਬੁੜ੍ਹਕਦਾ ਤੇ ਵੱਢੂੰ ਖਾਊਂ ਕਰਦਾ ਪ੍ਰਿੰਸੀਪਲ ਅੱਜ ਐਨਾ ਚੁੱਪ ਕਿਉਂ ਐਂ?"♦

66

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ