ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰੀਸ਼ ਨੇ ਦੁਕਾਨ ਦਾ ਕੰਮ ਲਾਲਾ ਜੀ ਵਾਂਗ ਹੀ ਤੋਰ ਲਿਆ। ਪਿੰਡਾਂ ਦੇ ਲੋਕ ਪਹਿਲਾਂ ਵਾਂਗ ਹੀ ਸੌਦਾ ਲੈਣ ਆਉਣ ਲੱਗੇ। ਬੇਥਾਹ ਆਮਦਨ ਸੀ। ਦੁਕਾਨ 'ਤੇ ਹਰੀਸ਼ ਪੂਰਾ ਸਮਾਂ ਬੈਠਦਾ ਤੇ ਗੱਲੇ ਵਿੱਚ ਨਿਗਾਹ ਰੱਖਦਾ। ਦੇਵ ਰਾਜ ਦੁਕਾਨ 'ਤੇ ਆਉਣਾ ਹੀ ਛੱਡ ਗਿਆ। ਉਹ ਮਾਂ ਤੋਂ ਪੈਸੇ ਲੈ ਜਾਂਦਾ ਜਾਂ ਆਪਣੀ ਬਹੂ ਤੋਂ। ਮਾਂ ਦੀਆਂ ਮਿੰਨਤਾ ਕਰਦਾ, ਬਹੂ ਨੂੰ ਡਰਾਉਂਦਾ ਧਮਕਾਉਂਦਾ। ਬਹੂ ਨੂੰ ਆਖਦਾ-'ਮੈਂ ਜ਼ਹਿਰ ਖਾ ਕੇ ਮਰ ਜਾਣੈ।' ਮਾਂ ਨੂੰ ਆਖਦਾ-'ਮੇਰੇ ਪੇਡੂ 'ਚ ਦਰਦ ਐ। ਮਰ ਜੂੰਮਾਂ ਮੈਂ। ਬੱਸ ਪਊਆ ਇੱਕ ਅੰਦਰ ਗਈ ਨੀ, ਤੇ ਠੀਕ ਹੋਇਆ ਨ੍ਹੀਂ। ਮੈਂ ਸ਼ਰਾਬ ਥੋੜਾ ਪੀਨਾਂ, ਦੁਆਈ ਐ ਮੇਰੀ ਤਾਂ ਇਹ।'

ਹਰੀਸ਼ ਸਾਹਮਣੇ ਦੇਵ ਰਾਜ ਅੱਖ ਨਹੀਂ ਚੁੱਕਦਾ ਸੀ। ਹਰੀਸ਼ ਘਰ ਹੁੰਦਾ ਤਾਂ ਦੇਵ ਰਾਜ ਘਰੋਂ ਬਾਹਰ ਹੋ ਜਾਂਦਾ। ਹਰੀਸ਼ ਕਦੇ ਉਹ ਨੂੰ ਸਮਝਾਉਣ ਲੱਗਦਾ ਤਾਂ ਉਹ ਗੰਨਰਵੱਟਾ ਬਣਿਆ ਸੁਣਦਾ ਰਹਿੰਦਾ। ਜਵਾਬ ਕੋਈ ਨਾ ਦਿੰਦਾ। ਹਰੀਸ਼ ਪੁੱਛਦਾ-'ਤੂੰ ਦੁੱਖ ਤਾਂ ਦੱਸ, ਤੈਨੂੰ ਕੀ ਐ? ਕਿਉਂ ਪੀਨੈਂ ਸ਼ਰਾਬ? ਬਾਈ ਜੀ ਕੰਨੀ ਤਾਂ ਦੇਖ। ਆਪਣੇ ਜੁਆਕਾਂ ਦਾ ਸੋਚ।' ਉਹ ਕਿੰਨਾ ਮੱਥਾ ਮਾਰੀ ਜਾਂਦਾ। ਬੋਲ ਬੋਲ ਉਹ ਦੀ ਜ਼ੁਬਾਨ ਸੁੱਕਣ ਲੱਗਦੀ, ਪਰ ਵੱਡਾ ਭਾਈ ਚੁੱਪ ਰਹਿੰਦਾ। ਕਦੇ ਕਦੇ ਹਰੀਸ਼ ਵੱਲ ਲਾਲ ਅੱਖਾਂ ਕੱਢ ਕੇ ਝਾਕਦਾ। ਜਿਵੇਂ ਉਹ ਨੂੰ ਖਾ ਜਾਣਾ ਹੋਵੇ। ਹਰੀਸ਼ ਗੁੱਸਾ ਨਾ ਕਰਦਾ। ਸ਼ਾਂਤ ਸੁਭਾਅ ਉਹ ਨੂੰ ਸਮਝਾਉਂਦਾ ਰਹਿੰਦਾ। ਆਖਦਾ-‘ਇਉਂ ਨਿੱਤ ਦੀ ਸ਼ਰਾਬ ਨਾਲ ਤੇਰੇ ਫੇਫੜੇ ਗਲ ਜਾਣਗੇ। ਮਰ ਜੇਂ'ਗਾ। ਤੇਰੇ ਜੁਆਕਾਂ ਨੂੰ ਕੌਣ ਸਾਂਭੂ? ਭਾਬੀ ਦਾ ਕੀ ਬਣੂ?'

ਇੱਕ ਦਿਨ ਵੱਡਾ ਭਾਈ ਬੋਲ ਉੱਠਿਆ-ਹਰੀਸ਼, ਤੂੰ ਮੇਰਾ ਕੰਮ ਕਰਦੇ।'

'ਦੱਸ, ਕੀ ਕੰਮ ਐ ਤੇਰਾ?'

'ਪਉਏ ਤੋਂ ਵੱਧ ਪੈਸੇ ਨ੍ਹੀਂ ਲੱਗਣੇ।'

'ਗੱਲ ਵੀ ਕਰ।'

ਸਾਰਾ ਟੱਬਰ ਦੇਵ ਰਾਜ ਦੀ ਗੱਲ ਸੁਣਨ ਨੂੰ ਤਿਆਰ ਖੜ੍ਹਾ ਸੀ।

ਉਹ ਬੋਲਿਆ-'ਮੈਨੂੰ ਜ਼ਹਿਰ ਲਿਆ ਦੇ ਮੈਂ ਜਿਉਣਾ ਨੀਂ ਚਾਹੁੰਦਾ।'

ਗੱਲ ਸੁਣ ਕੇ ਸਭ ਹੱਸਣ ਲੱਗੇ। ਹਰੀਸ਼ ਨਹੀਂ ਹੱਸਿਆ। ਬੋਲਿਆ-'ਜ਼ਹਿਰ ਤੂੰ ਨਿੱਤ ਪੀਨੈਂ। ਹੋਰ ਕੀਹ ਐ ਏਹੇ। ਹੌਲੀ-ਹੌਲੀ ਮਰ ਵੀ ਜਾਏਂਗਾ। ਜੇ ਐਡਾ ਈ ਮਰਨ ਦਾ ਚਾਅ ਐ ਤੈਨੂੰ।'

ਤੇ ਫੇਰ ਦੇਵ ਰਾਜ ਰੋਣ ਲੱਗ ਪਿਆ। ਉਹ ਦੇ ਰੋਣ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਸੀ।

ਹਰੀਸ਼ ਭਰਜਾਈ ਨੂੰ ਆਖਦਾ-‘ਭਾਬੀ, ਤੂੰ ਚੁੱਪ ਕਰਕੇ ਆਵਦੇ ਜੁਆਕ ਪਾਲ। ਇਹ ਦਾ ਤਾਂ ਹੁਣ ਦਿੱਸਦਾ ਈ ਐ।'

ਦੇਵ ਰਾਜ ਦੇ ਦੋਵੇਂ ਬੱਚੇ ਹਰੀਸ਼ ਦਾ ਮੋਹ ਕਰਦੇ, ਜਿਵੇਂ ਉਹੀਂ ਉਨ੍ਹਾਂ ਦਾ ਬਾਪ ਹੋਵੇ। ਉਨ੍ਹਾਂ ਦਾ ਬਾਪ ਦੇਵ ਰਾਜ ਤਾਂ ਕੋਈ ਚੰਡਾਲ ਸੀ, ਜਿਹੜਾ ਨਿੱਤ ਉਨ੍ਹਾਂ ਦੀ ਮਾਂ ਨੂੰ ਪਸ਼ੂ ਵਾਂਗ ਕੁੱਟ ਦਿੰਦਾ।

ਇਹ ਨਹੀਂ ਕਿ ਹਰੀਸ਼ ਨੂੰ ਵੱਡੇ ਭਾਈ ਨਾਲ ਕੋਈ ਮੋਹ ਨਹੀ ਰਹਿ ਗਿਆ, ਬਹੁਤ ਮੋਹ ਸੀ। ਉਹ ਨੇ ਦੋ ਵਾਰ ਉਹ ਦਾ ਇਲਾਜ ਕਰਵਾਇਆ। ਸ਼ਰਾਬ ਉਹ ਛੱਡ ਵੀ ਜਾਂਦਾ, ਪਰ ਮਹੀਨਾ

68

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ