ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਸ੍ਹਾਂ ਨਿਕਲਦਾ। ਫੇਰ ਪੀ ਲੈਂਦਾ। ਸ਼ਰਾਬ ਪੀਣ ਕਰਕੇ ਹੀ ਉਹ ਕਈ ਵਾਰ ਬਿਮਾਰ ਹੋਇਆ। ਭੁੱਖ ਮਰ ਜਾਂਦੀ। ਮੂੰਹ ਪੱਕ ਜਾਂਦਾ। ਸਿਰ ਫੱਟਦਾ। ਤਿੰਨ ਤਿੰਨ ਦਿਨ ਟੱਟੀ ਨਾ ਆਉਂਦੀ। ਮਰਨ ਕਿਨਾਰੇ ਪਹੁੰਚ ਜਾਂਦਾ ਤੇ ਮੰਜੇ ਵਿੱਚ ਪਿਆ ਹਾਏ-ਹਾਏ ਕਰਦਾ। ਹਰੀਸ਼ ਰਿਕਸ਼ਾ ਵਿੱਚ ਬਿਠਾ ਕੇ ਉਹ ਨੂੰ ਡਾਕਟਰ ਕੋਲ ਲੈ ਜਾਂਦਾ। ਡਾਕਟਰ ਦੇਖਣ ਸਾਰ ਹੱਸਣ ਲੱਗਦਾ। ਆਖਦਾ-'ਪਊਆ ਲੈ ਦਿਓ। ਬੱਸ ਇਹੀ ਬਿਮਾਰੀ ਐ ਇਹ ਨੂੰ।'

ਹਰੀਸ਼ ਵੀ ਹੱਸਦਾ-‘ਨਹੀਂ ਮ੍ਹਾਰਾਜ, ਇਹ ਪਉਏ ਕਰਕੇ ਈ ਬਿਮਾਰ ਐ।'

ਹੁਣ ਘਰ ਵਿੱਚ ਦੋ ਮਰੀਜ਼ ਸਨ-ਲਾਲਾ ਜੀ ਤੇ ਵੱਡਾ ਭਾਈ। ਦੋਵਾਂ ਦਾ ਕੋਈ ਇਲਾਜ ਨਹੀਂ ਸੀ। ਬੱਸ ਓਹੜ ਪੋਹੜ ਸੀ। ਓਹੜ ਪੋਹੜ ਤਾਂ ਚੱਲੀ ਜਾ ਰਿਹਾ ਸੀ। ਪਹਿਲਾਂ ਲਾਲਾ ਜੀ ਚਲੇ ਗਏ ਤੇ ਫੇਰ ਵੱਡਾ ਭਾਈ।

ਘਰ ਦਾ ਬੋਝ ਜਿਵੇਂ ਹਲਕਾ ਹੋ ਗਿਆ ਹੋਵੇ, ਹਲਕਾ ਕੀ ਬਿਲਕੁੱਲ ਹੀ ਚੁੱਕਿਆ ਗਿਆ। ਪਰ ਹਰੀਸ਼ ਦੀ ਮਾਂ ਲਈ ਦੋਵਾਂ ਦਾ ਵੱਡਾ ਦੁੱਖ ਸੀ। ਹਰੀਸ਼ ਲਈ ਚੰਗਾ ਸੀ ਕਿ ਦੋਵੇਂ ਮੁੱਕ ਗਏ। ਪਰ ਦੇਵ ਰਾਜ ਦੀ ਘਰਵਾਲੀ ਲਈ ਨਵਾਂ ਸੰਕਟ ਖੜ੍ਹਾ ਹੋ ਗਿਆ। ਉਹ ਦਾ ਹੁਣ ਘਰ ਵਿੱਚ ਕੀ ਰਹਿ ਗਿਆ ਸੀ। ਬੱਚਿਆਂ ਨੂੰ ਉਹ ਕੀ ਕਰਦੀ? ਉਹ ਦੀ ਪਹਾੜ ਜਿੱਡੀ ਜ਼ਿੰਦਗੀ ਸਾਹਮਣੇ ਖੜ੍ਹੀ ਸੀ। ਉਹ ਦੀ ਉਮਰ ਹੀ ਕੀ ਸੀ ਕਿ ਹੁਣੇ ਤੋਂ ਰੰਡੇਪਾ ਕੱਟਣ ਲੱਗਦੀ।

ਹਰੀਸ਼ ਨੇ ਆਖਿਆ- 'ਭਾਬੀ ਨੂੰ ਬੈਠੀ ਰਹਿ। ਤੇਰੇ ਜੁਆਕ ਮੈਂ ਪਾਲੂੰ। ਮੈਂ ਪੜਾਊਂ ਵਿਆਹੂੰ ਇਨ੍ਹਾਂ ਨੂੰ। ਤੇਰੀ ਸਾਰੀ ਉਮਰ ਸੇਵਾ ਕਰੂੰ।

ਉਹ ਕਹਿੰਦੀ-'ਇਉਂ ਨ੍ਹੀਂ, ਤੂੰ ਮੈਨੂੰ ਆਵਦੇ ਸਿਰ ਧਰ ਲੈ। ਮੇਰੇ ’ਤੇ ਚਾਦਰ ਪਾ ਲੈ। ਮੇਰਾ ਸਿਰ ਢੱਕਦੇ।'

ਹਰੀਸ਼ ਨੇ ਰੋ ਕੇ ਕਿਹਾ-'ਭਾਬੀ, ਤੂੰ ਵੱਡੀ ਐਂ, ਤੂੰ ਵੱਡੀ ਐਂ, ਤੂੰ ਮੇਰੀ ਮਾਂ ਐਂ! ਇਉਂ ਕਦੇ ਨ੍ਹੀਂ ਹੋ ਸਕਦਾ।

‘ਤਾਂ ਫੇਰ ਐਨੀ ਮਿਹਰਬਾਨੀ ਕਰੋ ਤੁਸੀਂ ਮੇਰੇ `ਤੇ, ਮਾਂ ਤੇ ਤੂੰ। ਤੁਸੀਂ ਮੇਰੇ ਜੁਆਕ ਸੰਭਾਲ ਲੋ। ਮੈਂ ਆਵਦਾ ਠਿਕਾਣਾ ਕਰੂੰਗੀ।’ ਭਰਜਾਈ ਨੇ ਗੱਲ ਤੋੜ ਦਿੱਤੀ। ਪੇਕਿਆਂ ਨੂੰ ਇਕੱਲੀ ਗਈ, ਉਹ ਮੁੜ ਕੇ ਨਹੀਂ ਆਈ। ਮਾਪਿਆਂ ਨੇ ਉਹ ਨੂੰ ਕਿਤੇ ਹੋਰ ਬਿਠਾ ਦਿੱਤਾ ਸੀ।

ਘਰ ਜਿਵੇਂ ਖ਼ਾਲੀ ਹੋ ਗਿਆ ਹੋਵੇ। ਮਾਂ ਸੀ, ਵੱਡੇ ਭਾਈ ਦੇ ਦੋਵੇਂ ਯਤੀਮ ਬੱਚੇ ਤੇ ਹਰੀਸ਼ ਆਪ। ਹਰੀਸ਼ ਦਾ ਆਦਰਸ਼ ਕਿ ਉਹ ਭਤੀਜੇ ਤੇ ਭਤੀਜੀ ਨੂੰ ਮਾਂ ਬਾਪ ਵਾਂਗ ਪਾਲੇਗਾ। ਉਨ੍ਹਾਂ ਨੂੰ ਕਦੇ ਮਹਿਸੂਸ ਨਹੀਂ ਹੋਣ ਦੇਵੇਗਾ ਕਿ ਉਹ ਉਨ੍ਹਾਂ ਦਾ ਬਾਪ ਨਹੀਂ ਹੈ ਜਾਂ ਮਾਂ ਨਹੀਂ ਹੈ।

ਪਰ ਮਾਂ ਨਿੱਤ ਕਲੇਸ਼ ਰੱਖਦੀ। ਰੋਣ ਪਿੱਟਣ ਬੈਠ ਜਾਂਦੀ- 'ਵੇ ਹਰੀਸ਼, ਮੈਂ ਤੇਰਾ ਕੀ ਦੇਖ ਲਿਆ ਵੇ? ਤੂੰ ਵਿਆਹ ਕਿਉਂ ਨ੍ਹੀਂ ਕਰਵਾਉਂਦਾ? ਜਾਂ ਤੇਰੇ ਚ ਨੁਕਸ ਦੱਸ ਕੀਹ ਐ? ਤੂੰ ਵਿਆਹ ਕਰਾ ਲੈ ਭਾਈ, ਮੇਰੀ ਜਾਨ ਸੁਖਾਲੀ ਨਿਕਲ ਜੂ'ਗੀ।'

ਮਾਂ ਦੇ ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਉਹ ਨੇ ਵਿਆਹ ਕਰਵਾ ਲਿਆ। ਜਿਵੇਂ ਮਾਂ ਦੀ ਖ਼ਾਤਰ ਹੀ ਵਿਆਹ ਕਰਵਾਇਆ ਹੋਵੇ। ਕਦੇ ਕਦੇ ਉਹ ਨੂੰ ਇੰਝ ਲੱਗਦਾ,

ਆਦਰਸ਼ਵਾਦੀ

69