ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਦੇਵਕੀ ਨੂੰ ਬੱਚਾ ਹੋਣ ਵਾਲਾ ਸੀ। ਉਹ ਨੂੰ ਲੱਗਦਾ ਹਰੀਸ਼ ਉਹ ਨੂੰ ਉਹ ਦੀ ਚਾਹਤ ਦੇ ਫ਼ਲ ਨਹੀਂ ਲਿਆ ਕੇ ਦਿੰਦਾ। ਉਹ ਦੇ ਕੋਲੋਂ ਨਿੱਕੇ ਨਿੱਕੇ ਕੰਮ ਨੌਕਰਾਣੀਆਂ ਵਾਂਗ ਕਰਵਾਏ ਜਾਂਦੇ ਹਨ। ਜਦੋਂ ਕਿ ਇਹ ਸਾਰੇ ਛੋਟੇ ਮੋਟੇ ਕੰਮ ਰਾਣੀ ਕਰ ਸਕਦੀ ਹੈ। ਬੰਟੀ ਨੂੰ ਤਾਂ ਬਹੁਤਾ ਹੀ ਚੰਭਲਾ ਰੱਖਿਆ ਹੈ। ਆਪ ਉੱਠ ਕੇ ਪਾਣੀ ਵੀ ਨਹੀਂ ਪੀ ਸਕਦਾ। ਦੋਵਾਂ ਜੁਆਕਾਂ ਦਾ ਮੰਮੀ ਕਹਿਣਾ ਦੇਵਕੀ ਨੂੰ ਬੁਰਾ ਲੱਗਦਾ। ਚਾਚੇ ਨੂੰ ਪਾਪਾ ਆਖਣ ਲੱਗ ਪਏ। ਬੱਚਾ ਹੋਣ ਤੋਂ ਪਹਿਲਾਂ ਹੀ ਦੇਵਕੀ ਨੂੰ ਡਰ ਪੈ ਗਿਆ ਕਿ ਉਹ ਦਾ ਪਤੀ ਉਹ ਦੇ ਢਿੱਡੋਂ ਜੰਮੇ ਬੱਚੇ ਨੂੰ ਐਨਾ ਪਿਆਰ ਨਹੀਂ ਕਰੇਗਾ। ਜਿੰਨਾ ਉਹ ਬੰਟੀ ਤੇ ਰਾਣੀ ਨੂੰ ਕਰਦਾ ਹੈ। ਜਾਪੇ ਵੇਲੇ ਉਹ ਪੇਕੀਂ ਚਲੀ ਗਈ। ਮੁੰਡਾ ਹੋਇਆ। ਦਾਦੀ ਨੇ ਸਾਰੇ ਚਾਅ ਲਾਡ ਪੂਰੇ ਕੀਤੇ। ਪੁਸ਼ਾਕਾਂ ਲੈ ਕੇ ਗਈ ਤੇ ਪੰਜੀਰੀ ਦਾ ਪੀਪਾ। ਹਰੀਸ਼ ਮੁੰਡਾ ਦੇਖਣ ਗਿਆ ਤਾਂ ਫ਼ਲਾਂ ਦੀ ਟੋਕਰੀ ਲੈ ਕੇ ਗਿਆ। ਬੰਟੀ ਤੇ ਰਾਣੀ ਵੀ ਨਾਲ ਗਏ। ਉੱਥੇ ਉਨ੍ਹਾਂ ਦਾ ਦਿਖਾਵੇ ਵਜੋਂ ਹੀ ਆਦਰ ਪਿਆਰ ਕੀਤਾ ਗਿਆ। ਹਰੀਸ਼ ਦੀ ਸੱਸ ਨੂੰ ਉਹ ਬੁਰੇ ਲੱਗੇ। ਦੇਵਕੀ ਉਨ੍ਹਾਂ ਵੱਲ ਘੂਰ ਘੂਰ ਦੇਖਦੀ। ਉਹ ਮੰਮੀ ਮੰਮੀ ਕਰਦੇ ਸਨ। ਦੇਵਕੀ ਨੂੰ ਉਹ ਅਵਾਰਾ ਬੱਚੇ ਦਿੱਸਦੇ ਸਨ-ਨਾਜਾਇਜ਼ ਔਲਾਦ। ਕਿੱਥੇ ਛੁਪਾ ਕੇ ਰੱਖੇ ਉਨ੍ਹਾਂ ਨੂੰ?

ਮੁੰਡਾ ਛੇ ਮਹੀਨਾ ਦਾ ਹੋਇਆ ਤਾਂ ਹਰੀਸ਼ ਦੇਵਕੀ ਨੂੰ ਲੈ ਆਇਆ। ਹਰੀਸ਼ ਨੂੰ ਆਪਣਾ ਪੁੱਤਰ ਲੋਕੀ ਦੀ ਮਾਇਆ ਸੀ। ਦਾਦੀ ਤੋਂ ਚਾਅ ਨਹੀਂ ਚੁੱਕਿਆ ਜਾਂਦਾ ਸੀ। ਸਾਰਾ ਸਾਰਾ ਦਿਨ ਮੁੰਡੇ ਨੂੰ ਲੋਰੀਆਂ ਦਿੰਦੀ ਰਹਿੰਦੀ। ਉਹ ਨੂੰ ਆਪਣੀ ਗੋਦੀ ਵਿੱਚ ਪਾ ਕੇ ਰੱਖਦੀ।

ਮੁੰਡਾ ਛੰਟੀ ਦੋ ਸਾਲ ਹੋ ਚੁੱਕਿਆ ਸੀ। ਦੇਵਕੀ ਮੱਚੀ ਬੁਝੀ ਰਹਿੰਦੀ। ਉਹ ਆਪਣਾ ਗੁੱਸਾ ਛੰਟੀ ਨੂੰ ਕੁੱਟ ਕੇ ਕੱਢ ਲੈਂਦੀ। ਪਤਾ ਨਾ ਲੱਗਦਾ, ਉਹ ਕੀ ਬੋਲਦੀ ਹੈ, ਕੀਹ ਨੂੰ ਗਾਲ੍ਹਾਂ ਕੱਢਦੀ ਰਹਿੰਦੀ ਹੈ। ਦਾਦੀ ਉਹ ਨੂੰ ਬੁਰਾ ਭਲਾ ਕਹਿਣ ਲੱਗਦੀ। ਕੁੜੇ, ਰੱਬ ਨੇ ਲਾਲ ਦੇ ’ਤਾ, ਮਾਰਨਾ ਤਾਂ ਨੀ। ਰਤੀ ਭਰ ਜੁਆਕ, ਧੇ ਧੇ ਕੁੱਟ ਸਿੱਟਦੀ ਐਂ। ਕਿਵੇਂ ਮੁੰਡੇ ਦਾ ਮੱਛੀਓਂ ਮੋਹ ਬਣਾ ’ਤਾ। ਮਾੜੀ ਕਿਸਮਤ ਆਲਾ ਇਹ ਜੰਮਿਆ ਕਾਹਨੂੰ ਸੀ? .

ਸੱਸ ਦੇ ਬੋਲ ਕੁਬੋਲ ਸੁਣ ਕੇ ਦੇਵਕੀ ਕਦੇ ਕਦੇ ਆਪਦਾ ਸਿਰ ਆਪ ਹੀ ਕੁੱਟ ਲੈਂਦੀ। ਸਿਰ ਦੇ ਵਾਲ ਖਿੱਚਦੀ। ਤੇੜ ਸਿਰ ਦੇ ਕੱਪੜੇ ਪਾੜ ਸੁੱਟਦੀ। ਇੱਕ ਦਿਨ ਉਹ ਨੇ ਹਰੀਸ਼ ਨੂੰ ਆਖ਼ਰ ਦੀ ਸੁਣਾ ਦਿੱਤੀ-ਮਾਂ ਨਾਲੋਂ ਅੱਡ ਹੋ ਜਾ, ਭਲਾਮਾਣਸ ਐਂ ਤਾਂ। ਬੰਟੀ ਤੇ ਰਾਣੀ ਮਾਂ ਨਾਲ ਰਹਿਣਗੇ। ਤੂੰ ਮਾਂ ਨੂੰ ਖ਼ਰਚਾ ਦੇਹ, ਮੈਂ ਨੀਂ ਰਹਿ ਸਕਦੀ ਏਸ ਕੰਜਰਖ਼ਾਨੇ 'ਚ।

ਹਰੀਸ਼ ਦਾ ਪਾਰਾ ਇਕਦਮ ਚੜ੍ਹ ਗਿਆ। ਪਹਿਲਾਂ ਤਾਂ ਉਹ ਚੁੱਪ-ਚਾਪ ਉਹ ਦੇ ਮੂੰਹ ਵੱਲ ਝਾਕਦਾ ਰਿਹਾ। ਜਿਵੇਂ ਉਹ ਦੇ ਆਪਣੇ ਮੂੰਹੋਂ ਕੋਈ ਵੀ ਬੋਲ ਨਾ ਸਰਦਾ ਹੋਵੇ। ਫੇਰ ਕੜਕ ਕੇ ਆਖਿਆ, "ਜਾਹ, ਜਿੱਧਰ ਜਾਣੈ। ਮੈਂ ਤੈਨੂੰ ਛੱਡ ਸਕਦਾਂ, ਵੱਡੇ ਭਾਈ ਦੇ ਜੁਆਕਾਂ ਨੂੰ ਨੀਂ।

‘ਸੰਭਾਲ ਫੇਰ, ਆਵਦਾ ਇਹ ਵੀ ਸੰਭਾਲ।’ ਦੇਵਕੀ ਨੇ ਛੰਟੀ ਨੂੰ ਹਰੀਸ਼ ਵੱਲ ਧੱਕ ਦਿੱਤਾ। ਛੰਟੀ ਡੌਰ ਭੌਰ ਹੋਇਆ ਮਾਂ-ਬਾਪ ਦੇ ਭਖੇ ਹੋਏ ਚਿਹਰਿਆਂ ਵੱਲ ਝਾਕ ਰਿਹਾ ਸੀ।


ਆਦਰਸ਼ਵਾਦੀ

71