ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸਵੇਰ ਦਾ ਵੇਲਾ ਸੀ। ਤਿੰਨੇ ਕੱਪੜਿਆਂ ਵਿੱਚ ਦੇਵਕੀ ਘਰੋਂ ਬਾਹਰ ਹੋ ਗਈ। ਉਹ ਨੂੰ ਕਿਸੇ ਨੇ ਰੋਕਿਆ ਨਹੀਂ। ਉਹ ਪੇਕਿਆਂ ਨੂੰ ਜਾਂਦੀ ਰੇਲ ਗੱਡੀ ਜਾ ਚੜ੍ਹੀ।

ਦੋ ਸਾਲਾਂ ਤੱਕ ਉਨ੍ਹਾਂ ਦਾ ਤਲਾਕ ਦਾ ਮੁਕੱਦਮਾ ਚਲਦਾ ਰਿਹਾ। ਇਸ ਦੌਰਾਨ ਛੰਟੀ ਦਾਦੀ ਕੋਲ ਸੀ। ਦਾਦੀ ਕੋਲ ਹੀ ਉਹ ਨੇ ਜੀਅ ਲਾ ਲਿਆ ਸੀ। ਤਲਾਕ ਮਨਜ਼ਰ ਹੋ ਗਿਆ। ਸਮਾਨ ਜਿਹੜਾ ਦੇਵਕੀ ਪੇਕਿਆਂ ਤੋਂ ਲੈ ਕੇ ਆਈ ਸੀ, ਵਾਪਸ ਹੋ ਗਿਆ। ਦੇਵਕੀ ਨੂੰ ਹਰੀਸ਼ ਵੱਲੋਂ ਵੀਹ ਹਜ਼ਾਰ ਰੁਪਿਆ ਬਿਲਮੁਕਤਾ ਖ਼ਰਚੇ ਵਜੋਂ ਦਿੱਤਾ ਗਿਆ।

ਹੁਣ ਹਰੀਸ਼ ਉਸੇ ਤਰ੍ਹਾਂ ਹਲਕਾ ਫੁੱਲ ਸੀ, ਜਿਵੇਂ ਲਾਲਾ ਜੀ ਤੇ ਵੱਡੇ ਭਾਈ ਦੀ ਮੌਤ ਬਾਅਦ ਉਹ ਨੂੰ ਰਾਹਤ ਮਿਲੀ ਸੀ ਤੇ ਫੇਰ ਵੱਡੇ ਭਾਈ ਦੀ ਘਰਵਾਲੀ ਵੀ ਘਰ ਛੱਡ ਗਈ ਸੀ।

ਹਰੀਸ਼ ਘਰ ਵਿੱਚ ਸੀਟੀਆਂ ਮਾਰਦਾ ਫਿਰਦਾ ਤੇ ਰਾਤ ਨੂੰ ਚੈਨ ਨਾਲ ਸੌਂਦਾ। ਪਰ ਕੁਝ ਮਹੀਨਿਆਂ ਬਾਅਦ ਹੀ ਉਹ ਬੇਚੈਨ ਰਹਿਣ ਲੱਗਿਆ। ਹੋਰ ਵਿਆਹ ਕਰਵਾਉਣ ਬਾਰੇ ਸੋਚਦਾ ਤੇ ਝੱਟ ਢੇਰੀ ਢਾਹ ਲੈਂਦਾ।

ਅਖ਼ੀਰ ਉਹ ਨੇ ਨਵਾਂ ਆਦਰਸ਼ ਅਪਣਾ ਲਿਆ ਕਿ ਉਹ ਹੋਰ ਵਿਆਹ ਬਿਲਕੁੱਲ ਨਹੀਂ ਕਰਵਾਏਗਾ। ਬੰਟੀ, ਛੰਟੀ ਤੇ ਰਾਣੀ ਖ਼ਾਤਰ ਜੀਵੇਗਾ। ਬੰਟੀ ਨੂੰ ਦਸਵੀਂ ਜਮਾਤ ਕਰਨ ਬਾਅਦ ਦੁਕਾਨ 'ਤੇ ਬਿਠਾ ਲਵੇਗਾ। ਉਹ ਦਾ ਵਿਆਹ ਕਰੇਗਾ। ਮਾਂ ਦਿਨੋ ਦਿਨ ਥਿਵਦੀ ਜਾ ਰਹੀ ਹੈ। ਨੂੰਹ ਘਰ ਆ ਜਾਵੇਗੀ ਤਾਂ ਮਾਂ ਦੀ ਸੇਵਾ ਕਰੇਗੀ। ਰਾਣੀ ਨੂੰ ਵੀ ਦਸਵੀਂ ਜਮਾਤ ਕਰਾ ਕੇ ਚੰਗੇ ਜਿਹੇ ਘਰ ਤੋਰ ਦੇਵੇਗਾ। ਛੰਟੀ ਨੂੰ ਖ਼ਾਸਾ ਸਾਰਾ ਪੜ੍ਹਾਏਗਾ। ਉਹ ਕੋਈ ਅਫ਼ਸਰ ਬਣੇਗਾ ਤੇ ਉਹ ਦਾ ਸੁਪਨਾ ਪੂਰਾ ਕਰੇਗਾ।

ਪਰ ਕਦੇ ਕਦੇ ਇਕੱਲਾ ਬੈਠਾ ਉਹ ਮੱਥਾ ਫੜ ਲੈਂਦਾ ਆਪਣੇ ਆਪ ਨੂੰ ਹੀ ਆਖਣ ਲੱਗਦਾ ‘ਭਰਜਾਈ ਕਿੰਨੀ ਚੰਗੀ ਸੀ। ਉਹ ਨੇ ਉਦੋਂ ਈ ਆਪਣਾ ਆਦਰਸ਼ ਤੋੜ ਲਿਆ ਹੁੰਦਾ। ਭਰਜਾਈ ਤੇ ਚਾਦਰ ਪਾ ਲੈਂਦਾ ਤਾਂ ਘਰ 'ਚ ਕੋਈ ਕਲੇਸ਼ ਪੈਦਾ ਈ ਨਹੀਂ ਹੋਣਾ ਸੀ।


72

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ