ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕਰਦਾ, ਅਮਲ ਵਿੱਚ ਵੀ ਉਹ ਅਜੀਬ ਸੀ। ਆਪ ਉਹ ਐੱਫ਼. ਏ. ਪੜਿਆ ਹੋਇਆ ਤੇ ਉਹ ਦੇ ਤਿੰਨ ਗੂੜ੍ਹੇ ਯਾਰ ਜਿਹੜੇ ਉਸੇ ਸਕੂਲ ਵਿੱਚ ਮਾਸਟਰ ਸਨ, ਤਿੰਨੇ ਹੀ ਐੱਮ. ਏ. ਸਨ। ਆਥਣ ਵੇਲੇ ਜੇ ਉਸ ਨੇ ਖੇਤਾਂ ਵਿੱਚ ਟੱਟੀ ਜਾਣਾ ਹੁੰਦਾ ਤਾਂ ਉਹ ਉਨ੍ਹਾਂ ਤਿੰਨਾਂ ਯਾਰਾਂ ਨੂੰ ਘਰੋਂ ਬੁਲਾ ਕੇ ਮਾਸਟਰਾਂ ਵਿੱਚ ਟਹੁਰਾਂ ਬੰਨ੍ਹਦਾ-ਬਲਵੰਤ ਨੰਗ ਨੀ, ਤਿੰਨ ਐੱਮ. ਏ., ਬਲਵੰਤ ਨੂੰ ਟੱਟੀ ਫਿਰਾ ਕੇ ਲਿਆਉਂਦੇ ਐ।

'ਟ੍ਰਿਬਿਊਨ ਦਾ ਕਦੇ ਉਸ ਨੇ ਅੱਖਰ ਨਹੀਂ ਸੀ ਪੜ੍ਹਿਆ ਅਤੇ ਟ੍ਰਿਬਿਊਨ ਨਿੱਤ ਉਹ ਦੇ ਘਰ ਆਉਂਦਾ ਸੀ। ਉਹ ਕਹਿੰਦਾ ਹੁੰਦਾ-ਬਲਵੰਤ ਟ੍ਰਿਬਿਊਨ ਨੂੰ ਪੜ੍ਹਨ ਵਾਸਤੇ ਨੀ ਮੰਗਾਉਂਦਾ, ਬਲਵੰਤ ਤਾਂ ਏਸੇ ਗੱਲ ’ਚ ਠੁੱਕ ਸਮਝਦੈ ਕਿ ਉਹ ਦਾ ਅਖ਼ਬਾਰ ਆਉਂਦੈ।'

ਇੱਕ ਬੈਠਕ ਜਾਂ ਇੱਕ ਚੁਬਾਰੇ ਨਾਲ ਉਸ ਨੂੰ ਵਧੀਆ ਸਰ ਸਕਦਾ ਸੀ। ਪਰ ਓਸ ਨੇ ਇੱਕ ਐਡੀ ਵੱਡੀ ਹਵੇਲੀ ਕਿਰਾਏ 'ਤੇ ਲੈ ਰੱਖੀ ਸੀ, ਜਿਸ ਵਿੱਚ ਪੂਰੇ ਚਾਰ ਟੱਬਰ ਇੱਕੋਂ ਸਮੇਂ ਰਹਿ ਸਕਦੇ ਸਨ। ਉਹ ਦੇ ਕੋਲ ਉਹ ਦੇ ਮਿੱਤਰ ਬੇਲੀ ਬੜੇ ਆਉਂਦੇ ਰਹਿੰਦੇ ਤੇ ਉਹ ਉਨ੍ਹਾਂ ਦੀ ਦਿਲ ਲਾ ਕੇ ਸੇਵਾ ਕਰਦਾ। ਮਹੀਨੇ ਬਾਅਦ ਜਦ ਉਹ ਸੌਦਾ ਮੰਗਵਾਉਂਦਾ ਤਾਂ ਸੁਣਨ ਦੇਖਣ ਵਾਲੇ ਦੀਆਂ ਅੱਖਾਂ ਖੜੀਆਂ ਰਹਿ ਜਾਂਦੀਆਂ-ਠਾਰਾਂ ਕਿੱਲੋ ਖੰਡ, ਦੋ ਡੱਬੇ ਬਰੁੱਕ ਬਾਂਡ, ਇੱਕ ਦਰਜਨ ਲਕਸ। ਲਕਸ ਨਾਲ ਨਹਾਉਣ ਦਾ ਉਹ ਵੀ ਬੜਾ ਸ਼ੌਕੀਨ ਸੀ। ਨੁਹਾਉਂਦਾ ਤਾਂ ਦੋ ਦੋ ਵਾਰੀ, ਤਿੰਨ ਤਿੰਨ ਵਾਰੀ ਪਿੰਡੇ 'ਤੇ ਉਹ ਲਕਸ ਨੂੰ ਮਲਦਾ। ਫੇਰ ਪਾਣੀ ਪਾਉਂਦਾ, ਫੇਰ ਲਕਸ ਮਲਦਾ। ਅੱਧੀ ਟਿੱਕੀ ਉਹ ਇੱਕੋ ਵਾਰੀ ਨਹਾਉਣ ਵਿੱਚ ਪਾਰ ਬੁਲਾ ਦਿੰਦਾ। ਨਹਾਉਣ ਬਾਅਦ ਕਈ ਵਾਰੀ ਤਾਂ ਉਹ ਪਿੰਡੇ 'ਤੇ ਸਰੋਂ ਦਾ ਤੇਲ ਮਲ ਲੈਂਦਾ ਤੇ ਉੱਤੋਂ ਦੀ ਫੇਰ ਲਕਸ ਮਲ ਕੇ ਪਾਣੀ ਡੋਲਦਾ। ਨਹਾਉਣ ਤੋਂ ਬਾਅਦ ਅੱਧਾ ਅੱਧਾ ਘੰਟਾ ਤੌਲੀਏ ਨਾਲ ਪਿੰਡੇ ਨੂੰ ਰਗੜਦਾ ਰਹਿੰਦਾ। ਅੱਧਾ ਅੱਧਾ ਘੰਟਾ ਸ਼ੀਸ਼ੇ ਵਿੱਚ ਆਪਦਾ ਮੂੰਹ ਦੇਖਦਾ ਰਹਿੰਦਾ। ਓਸ ਨੂੰ ਕਮਲ ਚੜ੍ਹਿਆ ਹੋਇਆ ਸੀ-ਜੇ ਕਿਤੇ ਸੁੱਤੇ ਪਏ ਪਏ ਦਾ ਉਹ ਦਾ ਰੰਗ ਤੜਕੇ ਨੂੰ ਗੋਰਾ ਹੋ ਜਾਵੇ।

ਕੱਪੜਾ ਚੜ੍ਹਦੇ ਤੋਂ ਚੜ੍ਹਦਾ ਪਾਉਂਦਾ। ਸਕੂਲ ਵਿੱਚ ਆਉਂਦਾ, ਜਿਵੇਂ ਕੋਈ ਸ਼ਹਿਜ਼ਾਦਾ ਹੋਵੇ। ਸਕੂਲ ਵਿੱਚ ਆ ਕੇ ਮਾਸਟਰਾਂ ਨੂੰ ਟੋਟਕੇ ਸੁਣਾਉਂਦਾ, ਜਿਵੇਂ ਆਪ ਕੋਈ ਬਹੁਤ ਵੱਡਾ ਆਦਮੀ ਹੋਵੇ ਤੇ ਦੂਜੇ ਸਭ ਲੰਡੀ ਬੁੱਚੀ।

ਪਤਾ ਨਹੀਂ ਉਹ ਦੇ ਵਿੱਚ ਕਾਹਦੀ ਖਿੱਚ ਸੀ, ਸਾਰੇ ਮਾਸਟਰ ਉਸ ਨੂੰ ਪਿਆਰ ਕਰਦੇ ਸਨ, ਭਾਵੇਂ ਸਾਰੇ ਜਾਣਦੇ ਸਨ ਕਿ ਇਸ ਮੁੰਡੇ ਦੇ ਪੱਲੇ ਗੱਲਾਂ ਹੀ ਗੱਲਾਂ ਹਨ ਤੇ ਫੋਕੀਆਂ ਫੜ੍ਹਾਂ। ਉਹ ਦਾ ਹੈੱਡਮਾਸਟਰ ਬੜਾ ਨੇਕ ਦਿਲ ਬੰਦਾ ਸੀ। ਉਹ ਉਸ ਨੂੰ ਸਮਝਾਉਂਦਾ-ਬਲਵੰਤ, ਆਪਣੇ ਪੈਰਾਂ ਤੇ ਰਿਹਾ ਕਰ। ਫੋਕੇ ਤੋਤਕੜੇ ਉਡਾਉਣ ਨਾਲੋਂ ਕੁਸ ਕਰਕੇ ਦਿਖਾ। ਪੜ੍ਹਿਆ ਕਰ। ਕੋਈ ਹੋਰ ਅੱਗੇ ਕੋਰਸ ਕਰ, ਤਰੱਕੀ ਕਰ।'

ਉਹ ਦੇ ਦੋਸਤ ਉਹ ਨੂੰ ਮੱਤਾਂ ਦਿੰਦੇ-ਬਲਵੰਤ, ਕੰਜਰਦਿਆ ਐਵੇਂ ਨਾ ਸਾਰਾ ਦਿਨ ਹਵਾ ’ਚ ਲੱਤਾਂ ਮਾਰੀ ਜਾਇਆ ਕਰ। ਸਾਨੂੰ ਪਤੈ, ਤੂੰ ਜਿੰਨਾ ਕੁ ਪਾਣੀ ’ਚ ਹੈਰੀਂ। ਲੋਕ ਖਾ ਪੀ ਕੇ ਤੈਥੋਂ ਪਰੇ ਹੁੰਦੇ ਨੇ ਤੇ ਤੈਨੂੰ ਝੁੱਡੂ ਸਮਝਦੇ ਨੇ। ਯਾਰ ਤੂੰ ਪੜ੍ਹਿਆ ਕਰ।' ਤੇ

74


ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ