ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਹ ਦੇ ਅਧਿਆਪਕ ਮਿੱਤਰਾਂ ਨੇ ਹਵੇਲੀ ਛੁਡਵਾ ਕੇ ਉਸ ਨੂੰ ਵੱਡੇ ਚੌਕ ਵਿੱਚ ਇੱਕ ਚੁਬਾਰਾ ਲੈ ਦਿੱਤਾ। ਬੀ. ਏ. ਦੀਆਂ ਕਿਤਾਬਾਂ ਖਰੀਦ ਲਈਆਂ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਕਦੇ ਕਦੇ ਉਹ ਦੇ ਹੌਲ ਉੱਠਦਾ ਤੇ ਉਹ ਆਪਣੇ ਯਾਰਾਂ ਮਿੱਤਰਾਂ ਨੂੰ ਘਰੋਂ ਬੁਲਾ ਕੇ ਲੈ ਜਾਂਦਾ, ਕਹਿੰਦਾ-ਆਓ ਯਾਰ ਚੁਬਾਰੇ ਚ ਬਹਿ ਕੇ ਗੱਲਾਂ ਮਾਰੀਏ। ਸਾਰੀਆਂ ਗੱਲਾ ਛੱਡ ਕੇ ਹੁਣ ਉਸ ਨੇ ਵਿਆਹ ਕਰਵਾਉਣ ਦੀ ਇੱਕੋ ਗੱਲ ਫੜੀ ਹੋਈ ਸੀ। ਕਦੇ ਕਹਿੰਦਾ-ਪੜ੍ਹੀ ਹੋਈ ਕੁੜੀ ਲੈਣੀ ਐ।’ ਪੜ੍ਹੀਆਂ ਹੋਈਆਂ ਤਾ ਖਰਾਬ ਹੁੰਦੀਐਂ।' ਤੇ ਉਹ ਅਨਪੜ੍ਹ ਕੁੜੀ ਲੈਣ ਦੀ ਦਲੀਲ ਧਾਰ ਲੈਂਦਾ।ਉਹ ਦੇ ਦੋਸਤ ਉਹ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹਿੰਦੇ।ਜੇ ਉਹ ਕਹਿੰਦਾ-ਪੜ੍ਹੀ ਹੋਈ ਕੁੜੀ ਚੰਗੀ ਹੁੰਦੀ ਐ ਤਾਂ ਉਹ ਦੇ ਯਾਰ ਕਹਿ ਦਿੰਦੇ-ਪੜ੍ਹੀ ਹੋਈ ਕੁੜੀ ਚੰਗੀ ਹੁੰਦੀ ਐ।’ ਜੇ ਉਹ ਕਹਿੰਦਾ-ਅਨਪੜ੍ਹ ਦੀ ਰੀਸ ਨੀ। ਅਨਪੜ੍ਹ ਤੀਵੀਂ ਪੜੇ ਹੋਏ ਖ਼ਸਮ ਦੀ ਸੇਵਾ ਬਹੁਤ ਕਰਦੀ ਐ।’ ਤਾਂ ਉਹ ਦੇ ਯਾਰ ਹੁੰਗਾਰਾ ਭਰ ਦਿੰਦੇ-ਹਾਂ ਅਨਪੜ ਈ ਠੀਕ ਐ।" ਉਹ ਦੇ ਸਭ ਯਾਰ ਜਾਣਦੇ ਸਨ। ਕਿ-ਬਲਵੰਤ ਦੀ ਗੱਲ ਜੇ ਵੱਢ ’ਤੀ ਤਾਂ ਉਸ ਨੇ ਘੰਟਾ ਭਰ ਲੈਕਚਰ ਝਾੜ ਕੇ ਆਪਣੀ ਗੱਲ ਮੰਨਵਾ ਜ਼ਰੂਰ ਲੈਣੀ ਐ।'

ਬੀ. ਏ. ਦੀਆਂ ਕਿਤਾਬਾਂ ਉਸ ਨੇ ਵਧੀਆ ਜਿਲਦਾਂ ਮੜ੍ਹਵਾ ਕੇ ਆਪਣੇ ਚੁਬਾਰੇ ਦੀ ਅਲਮਾਰੀ ਵਿੱਚ ਚਿਣਤੀ ਬੰਨ੍ਹ ਕੇ ਸਜਾ ਰੱਖੀਆਂ ਸਨ, ਪਰ ਉਹ ਹੱਥ ਉਨ੍ਹਾਂ ਨੂੰ ਹੁਣ ਕਦੇ ਕਦੇ ਹੀ ਲਾਉਂਦਾ ਸੀ। ਤਿੰਨ ਐੱਮ. ਏ, ਉਹ ਦੇ ਦੋਸਤ ਇੱਕ ਦਿਨ ਉਹ ਦਾ ਮੋਢਾ ਝੰਜੋੜ ਕੇ ਕਹਿੰਦੇ-'ਜੇ ਤੂੰ ਪੜ੍ਹਦਾ ਨੀ ਨਾ, ਅਸੀਂ ਵੀ ਤੇਰੇ ਬਾਰੇ 'ਚ ਲੱਤ ਨੀ ਦੇਣੀ। ਬਲਵੰਤ ਨੇ ਤਰਕ ਖਾ ਕੇ ਕਿਤਾਬਾਂ ਮੁੜ ਕੇ ਚੁੱਕ ਲਈਆਂ। ਹੁਣ ਨਾ ਤਾਂ ਉਸ ਦੇ ਚੁਬਾਰੇ ਵਿੱਚ ਕੋਈ ਬਹੁਤਾ ਆਉਂਦਾ ਸੀ ਤੇ ਨਾ ਉਹ ਆਪ ਸਕੂਲ ਜਾ ਕੇ ਬੇਥਵੀਆਂ ਗੱਲਾਂ ਮਾਰਦਾ ਸੀ। ਸ਼ਗਲ ਮੇਲਾ ਕਰਨ ਵਾਲੇ ਕਈ ਮਾਸਟਰ ਉਸ ਨੂੰ ਆ ਕੇ ਛੇੜਦੇ ਤਾਂ ਉਹ ਕਹਿ ਦਿੰਦਾ-ਬਲਵੰਤ, ਹੁਣ ਕੁਸ ਬਣ ਕੇ ਦਿਖੌਣਾ ਚਾਹੁੰਦੈ।

ਉਸ ਨੇ ਬੀ. ਏ. ਦਾ ਇਮਤਿਹਾਨ ਦਿੱਤਾ। ਪਾਸ ਹੋ ਗਿਆ ਤੇ ਓਸੇ ਸਾਲ ਹੀ ਉਹ ਬੀ. ਐੱਡ. ਵਿੱਚ ਦਾਖ਼ਲ ਹੋ ਗਿਆ। ਦਸ ਗਿਆਰਾਂ ਮਹੀਨਿਆਂ ਲਈ ਉਹ ਸਕੂਲ ਨੂੰ ਛੱਡ ਰਿਹਾ ਸੀ। ਇਸ ਕਰਕੇ ਉਹ ਦੇ ਯਾਰਾਂ ਨੇ ਉਸ ਨੂੰ ਇੱਕ ਫੀਸਟ ਕੀਤੀ ਤੇ ਜ਼ੋਰ ਦਿੱਤਾ ਕਿ ਉਹ ਪੂਰਾ ਦਿਲ ਲਾ ਕੇ ਟ੍ਰੇਨਿੰਗ ਕਰੇ। ਪਰ ਬਲਵੰਤ ਬੜਾ ਸਿੱਧਾ ਬੰਦਾ ਸੀ। ਇਸੇ ਕਰਕੇ ਤਾਂ ਦੂਜੇ ਬੰਦੇ ਉਸ ਨੂੰ ਪਿਆਰ ਕਰਦੇ ਸਨ। ਕਹਿੰਦਾ-ਟ੍ਰੇਨਿੰਗ ਤਾਂ ਹੋਵੇ ਭਾਵੇਂ ਨਾ, ਕੁੜੀ ਜ਼ਰੂਰ ਕੋਈ ਓਥੇ ਫਸੌਣੀ ਐਂ।

ਬਲਵੰਤ ਦਾ ਪਿੰਡ ਕੋਟਕਪੂਰਾ ਸੀ ਤੇ ਉਹ ਚ ਬੱਸ ਤੇ ਫ਼ਰੀਦਕੋਟ ਚਲਿਆ ਜਾਂਦਾ ਸੀ। ਵੀਹ ਕੁ ਦਿਨਾਂ ਬਾਅਦ ਹੀ ਉਸ ਨੇ ਫ਼ਰੀਦਕੋਟ ਹੋਸਟਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਸ ਦੀ ਕਲਾਸ ਵਿੱਚ ਵੀਹ ਕੁੜੀਆਂ ਪੜ੍ਹਦੀਆਂ ਸਨ ਤੇ ਪੰਜਾਹ ਮੁੰਡੇ। ਉਸ ਨੇ ਫ਼ਰੀਦਕੋਟ ਜਾਣ ਸਾਰ ਹੀ ਟਹੁਰਾਂ ਜਮਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਲਜ ਦੀ ਟੱਕ ਸ਼ਾਪ ਤੇ ਖ਼ਾਲੀ ਪੀਰੀਅਡਾਂ ਵਿੱਚ ਉਹ ਮੁੰਡਿਆਂ ਦਾ ਗਰੁੱਪ ਬਣਾ ਕੇ ਚਾਹ ਪੀਣ ਖੜ੍ਹੇ ਦਾ ਖੜ੍ਹਾ ਰਹਿੰਦਾ। ਮੁੰਡਿਆਂ ਵਿੱਚ ਉੱਚੀ ਉੱਚੀ ਬੋਲਦਾ। ਕੁੜੀਆਂ ਨੂੰ ਸੁਣਾ ਸੁਣਾ ਚਾਹ ਦਾ ਆਰਡਰ ਦਿੰਦਾ। ਉਹ ਦੇ ਸਾਥੀ ਵੀ ਹੈਰਾਨ ਹੁੰਦੇ ਤੇ ਸੋਚਦੇ-ਬਲਵੰਤ ਕਿਸੇ ਅਮੀਰ ਘਰ ਦਾ ਪੁੱਤ ਐ।

ਰੇਸ਼ਮ ਦੀਆਂ ਗੰਢਾਂ

75