ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਰੀਦਕੋਟ ਵਿੱਚ ਹੀ ਉਹ ਦਾ ਵੱਡਾ ਭਰਾ ਰਹਿੰਦਾ ਸੀ। ਉਹ ਉੱਥੇ ਮੁਲਾਜ਼ਮ ਸੀ। ਉਸ ਦੇ ਵੱਡੇ ਭਰਾ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਉਹ ਹੋਸਟਲ ਵਿੱਚ ਕਿਉਂ ਰਹਿੰਦਾ ਹੈ। ਵਾਧੂ ਦਾ ਖ਼ਰਚ। ਉਹ ਉਸ ਕੋਲ ਘਰ ਆ ਕੇ ਰਹੇ, ਪਰ ਉਹ ਇੱਕ ਨਾ ਜਾਣਦਾ। ਕੋਟਕਪੂਰੇ ਤੋਂ ਖ਼ਰਚ ਆਉਂਦਾ। ਉਹ ਦਾ ਵੱਡਾ ਭਰਾ ਮਹੀਨੇ ਪਿੱਛੋਂ ਕੁਝ ਨਾ ਕੁਝ ਰੁਪਈਏ ਉਸ ਨੂੰ ਦਿੰਦਾ। ਭਦੌੜ ਤੋਂ ਉਸ ਦੇ ਦੋਸਤ ਉਸ ਨੂੰ ਮਹੀਨੇ ਵਾਰ ਰੁਪਈਏ ਘੱਲਦੇ। ਹਰ ਮਹੀਨੇ ਉਹ ਦਾ ਇੱਕ ਦੋਸਤ ਪੰਜਾਹ ਰੁਪਈਏ ਘੱਲ ਦਿੰਦਾ ਸੀ। ਕਦੇ ਕੋਈ, ਕਦੇ ਕੋਈ। ਭਦੌੜ ਉਹ ਦੇ ਦਸ ਬਾਰਾਂ ਜੁੰਡੀ ਦੇ ਯਾਰ ਸਨ ਤੇ ਹਰ ਇੱਕ ਨੇ ਪੰਜਾਹ ਪੰਜਾਹ ਉਸ ਨੂੰ ਮਨੀਆਰਡਰ ਕਰਵਾਏ ਸਨ।

ਬੀ. ਐੱਡ. ਦੀ ਰੁਖੀ ਟ੍ਰੇਨਿੰਗ ਵਿੱਚ ਬਲਵੰਤ ਦਾ ਭੋਰਾ ਵੀ ਧਿਆਨ ਨਹੀਂ ਸੀ। ਉਹ ਤਾਂ ਹਰ ਵੇਲੇ ਏਸੇ ਯੋਜਨਾ ਵਿੱਚ ਰਹਿੰਦਾ ਸੀ ਕਿ ਕਿਹੜੀ ਕੁੜੀ ਨੂੰ ਕਿਵੇਂ ਕੁੰਡੀ ਲਾਵੇ।

ਬੀ. ਐੱਡ. ਦੀ ਸਾਰੀ ਕਲਾਸ ਚਾਰ ਹਾਉਸਾਂ ਵਿੱਚ ਵੰਡ ਦਿੱਤੀ ਗਈ। ਸਤਲੁਜ ਹਾਊਸ, ਬਿਆਸ ਹਾਊਸ, ਜਮਨਾ ਹਾਊਸ ਤੇ ਗੰਗਾ ਹਾਊਸ। ਚੋਣਾਂ ਹੋਈਆ ਤਾਂ ਬਲਵੰਤ ਸਤਲੁਜ ਹਾਊਸ ਦਾ ਕੈਪਟਨ ਚੁਣਿਆ ਗਿਆ। ਟੇਲੈਂਟ ਦੇਖਣ ਲਈ ਇੱਕ ਦਿਨ ਚਾਰੇ ਹਾਊਸਾਂ ਦੇ ਅੱਡ ਅੱਡ ਪ੍ਰੋਗਰਾਮ ਹੋਏ। ਬਲਵੰਤ ਉਂਝ ਭਾਵੇਂ ਬੇਹੱਦ ਭੁਕਾਈ ਮਾਰ ਲੈਂਦਾ ਸੀ, ਪਰ ਸਟੇਜ 'ਤੇ ਆ ਕੇ ਕਦੇ ਨਹੀਂ ਸੀ ਬੋਲਿਆ। ਕਾਲਜ ਦੇ ਅੰਦਰ ਵਿਹੜੇ ਵਿੱਚ ਸੱਜੇ ਪਾਸੇ ਦੀ ਤ੍ਰਿਵੈਣੀ ਥੱਲੇ ਬਣੇ ਚੌਤਰੇ ’ਤੇ ਸਤਲੁਜ ਹਾਊਸ ਦੇ ਪ੍ਰੋਗਰਾਮ ਨੂੰ ਉਸ ਦਿਨ ਉਹ ਕੰਬਦਾ ਝਿਕਦਾ ਪਤਾ ਨਹੀਂ ਕਿਵੇਂ ਨਿਭਾ ਗਿਆ। ਮੁੰਡਿਆਂ ਨੇ ਗੀਤ ਗਾਏ। ਕੁੜੀਆਂ ਨੇ ਗੀਤ ਗਾਏ। ਇੱਕ ਕੁੜੀ ਨੇ ਗੀਤ ਗਾਇਆ- 'ਅਪਨਾ ਬਨਾ ਲੇ ਮੋਹੇ ਰਾਮ।' ਉਸ ਕੁੜੀ ਦੀ ਅਵਾਜ਼ ਪੱਥਰਾਂ ਨੂੰ ਮੋਮ ਕਰ ਦੇਣ ਵਾਲੀ ਸੀ। ਬਲਵੰਤ ਨੇ ਲੋਰ ਵਿੱਚ ਆ ਕੇ ਮਿਰਜ਼ੇ ਦੀ ਸੱਦ ਲਾ ਦਿੱਤੀ। ਪ੍ਰੋਗਰਾਮ ਜਦੋਂ ਖ਼ਤਮ ਹੋਇਆ ਤਾਂ ਉਹ ਕੁੜੀ ਬਲਵੰਤ ਨੂੰ ਕਹਿੰਦੀ- 'ਵੀਰ ਜੀ, ਤੁਸੀਂ ਤਾਂ ਬਹੁਤ ਵਧੀਆ ਗੌਂਦੇ ਓ!’ ਬਲਵੰਤ ਉਸ ਨੂੰ ਉਲਟਾ ਕੇ ਕਹਿੰਦਾ-'ਹੋਰ ਤਾਂ ਸਭ ਸ਼ੁਕਰੀਆਂ, ਪਰ ਆਹ 'ਵੀਰ ਜੀ' ਕਹਿ ਕੇ ਪੱਟੀ ਮੇਸ ਕਰ ’ਤੀ।’ ਕੁੜੀ ਚੁੱਪ ਹੋ ਗਈ।

ਕੁੜੀ ਦਾ ਨਾਉਂ ਰੇਸ਼ਮਾ ਸੀ। ਉਹ ਰੋਹਤਕ ਦੀ ਸੀ। ਰੋਹਤਕ ਉਹ ਸੰਤਾਲੀ ਤੋਂ ਬਾਅਦ ਆ ਕੇ ਵੱਸੇ ਸਨ ਤੇ ਉਨ੍ਹਾਂ ਦਾ ਪਿਛਲਾ ਪਿੰਡ ਲਾਹੌਰ ਦੇ ਨੇੜੇ ਸੀ। ਦਰਮਿਆਨੇ ਕੱਦ ਦੀ ਗੋਰੇ ਰੰਗ ਵਾਲੀ ਰੇਸ਼ਮਾ ਪੁੱਜ ਕੇ ਸੋਹਣੀ ਸੀ। ਵਧੀਆ ਸ਼ਰਬਤੀ ਅੱਖਾਂ ਸੁਰਮਾ ਪਾ ਕੇ ਰੱਖਦੀ ਸੀ। ਕੱਪੜੇ ਪਾਏ ਉਹ ਦੇ ਸਾਰੀਆਂ ਕੁੜੀਆਂ ਨਾਲੋ ਚੰਗੇ ਫਬਦੇ। ਕੁਝ ਕੁਝ ਸਿਆਣੀ ਜਿਹੀ ਬਣ ਕੇ ਰਹਿੰਦੀ ਸੀ। ਉਨ੍ਹਾਂ ਦੇ ਕਾਲਜ ਦਾ ਹੀ ਇੱਕ ਹੋਰ ਹਰਿਆਣਵੀ ਮੰਡਾ ਕਾਲਜ ਦੇ ਚੌੜੇ ਚੌੜੇ ਘਾਹ ਮੈਦਾਨ ਵਿੱਚ ਬਹਿ ਕੇ ਉਸ ਨਾਲ ਗੱਲਾਂ ਕਰਦਾ ਰਹਿੰਦਾ। ਬਲਵੰਤ ਨੇ ਇੱਕ ਦਿਨ ਰੇਸ਼ਮਾ ਨੂੰ ਅੱਗਿਓਂ ਘੇਰ ਕੇ ਕਹਿ ਦਿੱਤਾ- 'ਰੇਸ਼ਮਾ, ਤੂੰ ਭਾਵੇਂ ਮੇਰੇ ਨਾਲ ਗੱਲ ਨਾ ਕਰ, ਪਰ ਬਲਵੰਤ ਇਹ ਨੀ ਚਾਹੁੰਦਾ ਕਿ ਤੇਰੇ ਨਾਲ ਹੋਰ ਕੋਈ ਗੱਲ ਕਰੇ।' ਰੇਸ਼ਮਾ ਸੋਚਾਂ ਵਿੱਚ ਪੈ ਗਈ। ਉਸ ਦੇ ਮਨ ਵਿੱਚ ਨਫ਼ਰਤ ਜਾਗੀ ਕਿ ਇਹ ਕਿਹੋ ਜਿਹੇ ਮਗਜ਼ ਵਾਲਾ ਬੰਦਾ ਹੈ। ਪਰ ਉਹ ਸਾਧਾਰਨ

76

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ