ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਜਿਵੇਂ ਆਗਰੇ ਤੋਂ ਤਾਜ ਮਹਿਲ ਖੁੱਗ ਕੇ ਕਿਸੇ ਨੇ ਉੱਥੇ ਦੋ ਜੜੁੱਤ ਨਹਿਰਾਂ ਦੀ ਵੱਖੀ ਵਿੱਚ ਲਿਆ ਧਰਿਆ ਹੋਵੇ।

ਦਿਨ ਲੰਘਦੇ ਗਏ। ਬਲਵੰਤ ਹੋਸਟਲ ਵਿੱਚ ਜਿਸ ਕਮਰੇ 'ਚ ਰਹਿੰਦਾ ਹੁੰਦਾ, ਉਸ ਕਮਰੇ ਦੀ ਬਿਜਲੀ ਬੱਤੀ ਦਿਨ ਰਾਤ ਜਾਗਦੀ ਰਹਿੰਦੀ। ਹੋਸਟਲ ਦੇ ਵਾਰਡਨ ਨੇ ਇੱਕ ਦਿਨ ਉਸ ਤੋਂ ਪੁੱਛਿਆ ਬਲਵੰਤ ਕਹਿੰਦਾ-ਪ੍ਰੋਫੈਸਰ ਸਾਹਿਬ, ਇਸ ਕਮਰੇ ਦੀ ਬੱਤੀ ਚੌਵੀ ਘੰਟੇ ਇਸ ਕਰਕੇ ਬਲਦੀ ਬਈ ਇਸ ਕਮਰੇ ਚ ਚੌਵੀ ਘੰਟੇ ਹਨੇਰਾ ਈ ਰਹਿੰਦਾ ਹੋਵੇ। ਬੱਤੀ ਤਾਂ ਇਸ ਕਰਕੇ ਸਾਰਾ ਦਿਨ ਸਾਰੀ ਰਾਤ ਬਲਦੀ ਐਂ ਬਈ ਪਤਾ ਲੱਗੇ ਇਹ ਬਲਵੰਤ ਦਾ ਕਮਰੈ।' ਵਾਰਡਨ ਹੱਸ ਹੱਸ ਦੂਹਰਾ ਹੁੰਦਾ ਉਸ ਦੇ ਕਮਰੇ ਵਿਚੋਂ ਬਾਹਰ ਹੋ ਗਿਆ।

ਬਲਵੰਤ ਨੇ ਹੋਸਟਲ ਛੱਡ ਦਿੱਤਾ ਤੇ ਆਪਣੇ ਵੱਡੇ ਭਰਾ ਦੇ ਘਰ ਰਹਿਣਾ ਸ਼ੁਰੂ ਕਰ ਦਿੱਤਾ। ਹੁਣ ਉਹ ਰੇਸ਼ਮਾ ਨੂੰ ਵੀ ਕਦੇ ਕਦੇ ਵੱਡੇ ਭਰਾ ਦੇ ਘਰ ਲੈ ਆਉਂਦਾ। ਉਹ ਦੀ ਭਰਜਾਈ ਖਿਝਦੀ, ਕਿਉਂਕਿ ਭਰਜਾਈ ਨੇ ਆਪਣੀ ਮਾਸੀ ਦੀ ਕੁੜੀ ਦਾ ਰਿਸ਼ਤਾ ਉਸ ਨੂੰ ਕਰਵਾ ਦਿੱਤਾ ਸੀ, ਜਦੋਂ ਉਹ ਅਜੇ ਬੀ. ਏ. ਵਿਚੋਂ ਪਾਸ ਹੋਇਆ ਹੀ ਸੀ। ਤੇ ਭਰਜਾਈ ਨੂੰ ਡਰ ਸੀ, ਕਿਤੇ ਉਹ ਦੀ ਵਿਚੋਲਗੀ ਖੂਹ ਵਿੱਚ ਨਾ ਪੈ ਜਾਵੇ।

ਸਾਰੇ ਫ਼ਰੀਦਕੋਟ ਵਿੱਚ ਬਲਵੰਤ ਤੇ ਰੇਸ਼ਮਾ ਦੀ ਗੱਲ ਉੱਡ ਗਈ। ਹੁੱਕੀ ਵਾਲੇ ਚੌਕ ਵਿੱਚ ਖੜ੍ਹ ਕੇ ਲੋਕ ਬਲਵੰਤ ਦੀਆਂ ਗੱਲਾਂ ਕਰਦੇ। ਆਥਣ ਵੇਲੇ ਰੋਜ਼ ਉਹ ਰੇਸ਼ਮਾ ਨੂੰ ਨਾਲ ਲੈ ਕੇ ਕਮਲਿਆਂ ਬੋਲਿਆਂ ਵਾਂਗ ਸੜਕਾਂ ’ਤੇ ਫਿਰਦਾ ਰਹਿੰਦਾ। ਕਈ ਹੱਸਦੇ, ਕਈ ਰਸ਼ਕ ਕਰਦੇ, ਕਈ ਹਸਦ ਕਰਦੇ ਤੇ ਕਈ ਉਸ ਨੂੰ ਸਮਝਾਉਂਦੇ। ਕਾਲਜ ਦਾ ਧਾਰਮਿਕ ਖ਼ਿਆਲਾਂ ਵਾਲਾ ਪ੍ਰੋਫ਼ੈਸਰ ਗੁਰੂ ਗ੍ਰੰਥ ਸਾਹਿਬ ਵਿਚੋਂ ਤੁਕਾਂ ਕੱਢ ਕੇ ਬਲਵੰਤ ਨੂੰ ਸਮਝਾਉਂਦਾ ਤੇ ਕਹਿੰਦਾ-'ਬਲਵੰਤ ਪੁੱਤ, ਬਦਨਾਮ ਨਾ ਹੋ’, ਮਨੋਵਿਗਿਆਨ ਦਾ ਪ੍ਰੋਫੈਸਰ ਬਲਵੰਤ ਨੂੰ ਟੋਂਹਦਾ ਰਹਿੰਦਾ ਕਿ ਉਸ ਦਾ ਇਸ਼ਕ ਕਿੰਨੇ ਕੁ ਪਾਣੀ 'ਚ ਹੈ। ਸਿਲਸਿਲਾ ਚੱਲਦਾ ਰਿਹਾ। ਬੀ. ਐੱਡ. ਦਾ ਇਮਤਿਹਾਨ ਆ ਗਿਆ। ਬੀ. ਐੱਡ. ਦਾ ਇਮਤਿਹਾਨ ਹੋਇਆ ਤੇ ਹੋਰ ਸਾਰਾ ਕੁਝ ਜਦੋਂ ਖ਼ਤਮ ਹੋ ਗਿਆ ਤਾਂ ਮੁੰਡੇ ਕੁੜੀਆਂ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ। ਹਰ ਮੁੰਡੇ ਦਾ ਦਿਲ ਸੀ ਕਿ ਉਹ ਬਲਵੰਤ ਨੂੰ ਜੱਫ਼ੀ ਪਾ ਕੇ ਜਾਵੇ। ਹਰ ਕੁੜੀ ਦਾ ਦਿਲ ਸੀ ਕਿ ਉਹ ਬਲਵੰਤ ਨੂੰ ਮਿਲ ਕੇ ਜਾਵੇ। ਬਲਵੰਤ ਸਭ ਨੂੰ ਮਿਲਿਆ, ਸਭ ਨਾਲ ਗੱਲਾਂ ਕੀਤੀਆਂ। ਹਰ ਇੱਕ ਨੇ ਉਨ੍ਹਾਂ ਦੇ ਇਸ਼ਕ ਨੂੰ ਸ਼ੁੱਭ ਇੱਛਾ ਕਹੀ। ਬਲਵੰਤ ਕਾਲਜ ਦੀ ਉੱਪਰਲੀ ਛੱਤ 'ਤੇ ਖੜ੍ਹ ਕੇ ਰੇਸ਼ਮਾ ਨੂੰ ਕਹਿੰਦਾ 'ਰੇਸ਼ਮਾ ਅੱਜ ਆਖ਼ਰੀ ਦਿਨ ਐ। ਮੇਰੇ ਹੱਥ ਵਿੱਚ ਹੱਥ ਪਾ ਕੇ ਦੱਸ ਕਿ ਮੈਨੂੰ ਦਿਲੋਂ ਚਾਹੁੰਨੀ ਐਂ ਤੇ ਮੇਰੇ ਨਾਲ ਵਿਆਹ ਕਰਵਾਵੇਗੀ। ਨਹੀਂ ਤਾਂ ਥੱਲੇ ਉਤਰ ਕੇ ਹੁਣ ਜਦੋਂ ਤੂੰ ਕਾਲਜ ਦਾ ਦਰਵਾਜ਼ਾ ਟੱਪਣ ਲੱਗੀ ਤਾਂ ਬਲਵੰਤ ਤਾਂ ਐਥੋਂ ਈ ਛਾਲ ਮਾਰ ਦੂ ਤੇ ਤੈਨੂੰ ਆਪਣੀ ਸਲਵਾਰ ਦੇ ਪਾਂਚੇ ਉਤਾਂਹ ਚੜ੍ਹਾ ਕੇ ਮੇਰੇ ਲਹੂ ਦਾ ਛੱਪੜ ਪਾਰ ਲੰਘਣਾ ਪਊ।' ਛੱਤ ਦੇ ਜੰਗਲੇ 'ਤੋਂ ਦੀ ਗਰਦਨ ਕੱਢ ਕੇ ਜਦ ਰੇਸ਼ਮਾ ਨੇ ਸੱਠ ਫੁੱਟ ਥੱਲੇ ਨਿਗਾਹ ਮਾਰੀ ਤਾਂ ਉਹ ਦਾ ਸੀਤ ਨਿਕਲ ਗਿਆ ਤੇ ਉਹ ਡਰ ਕੇ ਬਲਵੰਤ ਦੀਆਂ ਬਾਹਾਂ ਵਿੱਚ ਆ ਸਿਮਟੀ।

78

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ