ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸਿਆਪਾ ਪਾ ਕੇ ਬੈਠ ਗਈ। ਕਹਿੰਦੀ-ਏਦਾਂ ਵੀ ਵਿਆਹ ਹੁੰਦੇ ਹੁੰਦੇ ਨੇ? ਕੋਟਕਪੂਰੇ ਬਲਵੰਤ ਦੇ ਮਾਂ-ਪਿਓ ਨੂੰ ਪਤਾ ਲੱਗਿਆ ਤਾਂ ਉਹ ਝੱਟ ਫ਼ਰੀਦਕੋਟ ਆ ਠਹਿਕੇ। ਬਿਰਧ ਪਿਓ ਕਹਿੰਦਾ-ਬਲਵੰਤ ਮੁੰਡੇ ਮੈਨੂੰ ਆਪਣੇ ਹੱਥ ਨਾਲ ਖੂਹ ’ਚ ਧੱਕਾ ਦੇ ਦੇ। ਮੈਂ ਜਿਉਂਦੇ ਜੀਅ ਇਉਂ ਨਹੀਂ ਕਹੌਣਾ, ਬਈ ਕਿਸੇ ਖ਼ਾਨਦਾਨ ਦੀ ਧੀ ਸਾਹੇ ਧਰੀ ਛੱਡ ਤੀ। ਬਲਵੰਤ ਦਾ ਵੱਡਾ ਭਰਾ ਤੇ ਭਰਜਾਈ ਬਹੁੜੀਆਂ ਪਾਉਣ ਕਿ ਰੋਹਤਕ ਵਾਲਾ ਟੱਬਰ ਕਦ ਘਰੋਂ ਨਿਕਲੇ ਤੇ ਸੁੱਖ ਦਾ ਸਾਹ ਆਵੇ। ਇਸ ਘੜਮੱਸ ਵਿੱਚ ਜਿਵੇਂ ਬਲਵੰਤ ਦੀ ਸੁਰਤ ਮਾਰੀ ਗਈ। ਰੇਸ਼ਮਾ ਉਸ ਨੂੰ ਕਹਿੰਦੀ-ਬਲਵੰਤ ਜੀ, ਹੁਣ ਦੇ ਝਗੜੇ ਨੂੰ ਮਿਟਾਓ। ਮੇਰੀ ਉਡੀਕ ਰੱਖਣੀ। ਮੈਂ ਇੱਕ ਮਹੀਨੇ ਨੂੰ ਇੱਥੋਂ ਫ਼ਰੀਦਕੋਟ ਤੁਹਾਡੇ ਕੋਲ ਖੜ੍ਹੀ ਹਾਂ।’ ਤੇ ਕੁੜੀ ਦਾ ਇਮਤਿਹਾਨ ਖ਼ਤਮ ਹੋਏ ਤੋਂ ਉਹ ਤਿੰਨੇ ਮਾਵਾਂ ਧੀਆਂ ਰੋਹਤਕ ਨੂੰ ਚਲੀਆਂ ਗਈਆਂ। ਭਰਜਾਈ ਨੇ ਆਪਣੀ ਮਾਸੀ ਨੂੰ ਕਹਿ ਕੇ ਵਿਆਹ ਦੋ ਮਹੀਨੇ ਪਿੱਛੇ ਪਵਾ ਦਿੱਤਾ। ਬਲਵੰਤ ਮੁੜ ਕੇ ਭਦੌੜ ਹਾਜ਼ਰ ਹੋ ਗਿਆ।

ਭਦੌੜ ਹੁਣ ਉਹ ਇੱਕ ਛੋਟੀ ਜਿਹੀ ਬੈਠਕ ਵਿੱਚ ਰਹਿੰਦਾ ਸੀ। ਬੈਠਕ ਦੀ ਇੱਕ ਅਲਮਾਰੀ ਵਿੱਚ ਉਸ ਨੇ ਗੁਰੂ ਨਾਨਕ ਦੀ ਤਸਵੀਰ ਸ਼ੀਸ਼ੇ ਵਿੱਚ ਜੜਵਾ ਕੇ ਰੱਖੀ ਹੋਈ ਸੀ। ਸਵੇਰੇ ਹੀ ਜਦ ਉਹ ਉੱਠਦਾ, ਹੋਰ ਕਿਸੇ ਨੂੰ ਵੀ ਮੱਥੇ ਨਾ ਲਾਉਂਦਾ। ਸਰਾਣੇ ਥੱਲੇ ਜਿਹੜਾ ਉਸ ਨੇ ਪਾਣੀ ਰੱਖਿਆ ਹੁੰਦਾ, ਉਸ ਨਾਲ ਓਵੇਂ ਅੱਖਾਂ ਮੀਚੀਂ ਆਪਣੇ ਹੱਥ ਧੋਦਾ ਤੇ ਉਸ ਤਸਵੀਰ ਮੁਹਰੇ ਹੱਥ ਜੋੜ ਕੇ ਗੋਡਿਆ ਭਾਰ ਹੋ ਕੇ ਇੱਕੋ ਦੁਆ ਕਰਦਾ‘ਹੇ ਬਾਬਾ ਨਾਨਕਾ, ਮੈਨੂੰ ਰੇਸ਼ਮਾ ਮਿਲ ਜੇ।"

ਬਲਵੰਤ ਦੇ ਦਿਮਾਗ ਵਿੱਚ ਠੋਕਰਾਂ ਵੱਜਦੀਆਂ ਸਨ ਕਿ ਰੇਸ਼ਮਾ ਦੇ ਪਿਆਰ ਨੂੰ ਜਿੰਨੀਆਂ ਗੰਢਾਂ ਵੀ ਉਸ ਨੇ ਕਦੇ ਦਿੱਤੀਆਂ ਸਨ, ਉਹ ਸਾਰੀਆਂ ਰੇਸ਼ਮ ਦੇ ਧਾਗਿਆ ਵਰਗੀਆਂ ਗੰਢਾਂ ਸਨ। ਜਿਹੜੀਆਂ ਕਦੇ ਵੀ ਰਿਸਕ ਸਕਦੀਆਂ ਸਨ, ਕਦੇ ਵੀ ਖੁੱਲ੍ਹ ਸਕਦੀਆਂ ਸਨ।

ਫ਼ਰੀਦਕੋਟ ਤੋਂ ਆਪਣੀ ਛੋਟੀ ਭੈਣ ਤੇ ਮਾਂ ਸਮੇਤ ਜਦ ਰੇਸ਼ਮਾ ਰੋਹਤਕ ਨੂੰ ਗਈ ਸੀ, ਉਸ ਤੋਂ ਦੋ ਮਹੀਨਿਆਂ ਬਾਅਦ ਉਸ ਦੇ ਪਿਤਾ ਦੀ ਬਲਵੰਤ ਨੂੰ ਭਦੌੜ ਚਿੱਠੀ ਪਹੁੰਚੀ-"ਕਾਕਾ, ਤੈਨੂੰ ਖੁਸ਼ੀ ਹੋਵੇਗੀ ਕਿ ਰੇਸ਼ਮਾ ਦਾ ਵਿਆਹ ਇੱਕ ਸੁਹਣੇ ਸੁਨੱਖੇ ਐੱਮ. ਏ., ਬੀ. ਟੀ. ਮੁੰਡੇ ਨਾਲ ਕਰ ਦਿੱਤਾ ਹੈ। | ਇਹ ਚਿੱਠੀ ਤੋਂ ਪੰਦਰਾਂ ਦਿਨ ਬਾਅਦ ਸਾਰੇ ਭਦੌੜ ਵਿੱਚ ਗੱਲ ਉੱਡ ਗਈ, ਸਾਰੇ ਫ਼ਰੀਦਕੋਟ ਵਿੱਚ ਗੱਲ ਉੱਡ ਗਈ ਤੇ ਸਾਰੇ ਕੋਟਕਪੂਰੇ ਵਿੱਚ ਗੱਲ ਉੱਡ ਗਈ-ਬਲਵੰਤ ਪਤਾ ਨਹੀਂ ਕਿੱਧਰ ਚਲਿਆ ਗਿਆ।’ ਇੰਦਰਜੀਤ ਸਿੱਧੂ ਕੋਲ ਜਦ ਕੋਈ ਬਲਵੰਤ ਦੀ ਗੱਲ ਛੇੜਦਾ ਤਾਂ ਇੰਦਰਜੀਤ ਰੋ ਪੈਂਦਾ।


80

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ