ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਸ ਨੇ ਕਿਤੋਂ ਨੋਟ ਕਰ ਰੱਖੇ ਸਨ। ਜਦ ਮੱਖਣ ‘ਫੂਲ’ ਕੋਲ ਦੀ ਬੱਸ ਲੈ ਕੇ ਲੰਘਦਾ ਤਾਂ ਤ੍ਰਿਸ਼ਨਾ ਉਸ ਨੂੰ ਖੜ੍ਹੀ ਪਹਿਲਾਂ ਹੀ ਉਡੀਕ ਰਹੀ ਹੁੰਦੀ। ਇਸ਼ਾਰਿਆਂ ਤੋਂ ਸ਼ੁਰੂ ਹੋ ਕੇ ਗੱਲ ਸਵਾਲਾਂ ਜਵਾਬਾਂ ਤੀਕ ਪਹੁੰਚ ਗਈ।

ਇੱਕ ਦਿਨ ਸਿਆਲ ਦੀ ਠਰੀ ਆਥਣ ਵਿੱਚ ਮੱਖਣ ਰਾਜਪੁਰਾ ਰੋਡ 'ਤੇ ਇੱਕ ਸੂਏ ਦੀ ਵੱਖੀ ਵਿੱਚ ਵੱਡੇ ਵੱਡੇ ਕਰੀਰਾਂ ਦੀ ਬੁੱਕਲ ਖੋਲ੍ਹ ਕੇ ਤ੍ਰਿਸ਼ਨਾ ਨੂੰ ਆ ਮਿਲਿਆ। ਕਾਂਤਾ ਵੀ ਉਸ ਦੇ ਨਾਲ ਸੀ। ਕਾਂਤਾ ਦੇ ਨਾਲ ਉਸ ਦੇ ਵੱਡਾ ਭਰਾ ਦਾ ਛੋਟਾ ਕੁੱਕੂ ਵੀ ਸੀ। ਉਹ ਤਾਂ ਕੁੱਕੂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਬੈਠੀ ਪਰਚਦੀ ਰਹੀ ਅਤੇ ਮੱਖਣ ਤੇ ਤ੍ਰਿਸ਼ਨਾ ਦੂਰ ਇੱਕ ਹੋਰ ਕਰੀਰ ਦੀ ਝੋਲੀ ਵਿੱਚ ਜਨਮਾਂ ਜਨਮਾਂ ਦੀ ਕਿਸੇ ਭੁੱਖ ਨੂੰ ਮਿਟਾਉਂਦੇ ਰਹੇ। ਉਸ ਕਰੀਰ ਕੋਲ ਦੀ ਇੱਕ ਖ਼ਾਲ ਵਗਦਾ ਸੀ। ਦੋਵਾਂ ਨੇ ਉਸ ਖਾਲ ਵਿਚੋਂ ਪਾਣੀ ਦੀਆਂ ਚੂਲੀਆਂ ਭਰ ਕੇ ਸਹੁੰਆਂ ਖਾਧੀਆਂ ਕਿ ਉਹ ਸਾਰੀ ਜ਼ਿੰਦਗੀ ਇੱਕ ਦੂਜੇ ਦੇ ਬਣ ਕੇ ਰਹਿਣਗੇ। ਮੱਖਣ ਨੇ ਸਰੂਰ ਵਿੱਚ ਆ ਕੇ ਤਿਸਨਾ ਦੇ ਕੰਬਦੇ ਬੁੱਲਾਂ ਵਿਚੋਂ ਜ਼ਹਿਰ ਚੂਸ ਲਈ।

ਮੱਖਣ ਨੂੰ ਜਿਵੇਂ ਕੋਈ ਨਾਗਮਣੀ ਲੱਭ ਪਈ ਸੀ ਤੇ ਉਹ ਉਸ ਨੂੰ ਸਾਂਭ ਸਾਂਭ ਆਪਣੇ ਮੂੰਹ ਵਿੱਚ ਚਪੋਲਦਾ ਰਹਿੰਦਾ ਸੀ। ਤ੍ਰਿਸ਼ਨਾ ਨੂੰ ਜਿਵੇਂ ਇੱਕ ਸੂਰਮਾ ਮਰਦ ਲੱਭ ਪਿਆ ਸੀ, ਜਿਸ ਨੂੰ ਪੂਰੀ ਤਰ੍ਹਾਂ ਹੰਢਾਉਣ ਦੀ ਅੱਗ ਉਸ ਨੇ ਆਪਣੇ ਸਰੀਰ ਵਿੱਚ ਸੁਲਗਾ ਲਈ ਸੀ।

ਦੁੱਖ ਇਹ ਸੀ ਕਿ ਉਨ੍ਹਾਂ ਨੂੰ ਰੱਜ ਕੇ ਰਾਤਾਂ ਮਾਨਣ ਦਾ ਮੌਕਾ ਨਹੀਂ ਸੀ ਬਣਦਾ ਦਿੱਸਦਾ।

ਸੱਚਦੇਵ ਤੇ ਸੰਦੀਪ ਮੱਖਣ ਦੇ ਪੂਰੇ ਯਾਰ ਸਨ। ਮੱਖਣ ਨੇ ਇੱਕ ਦਿਨ ਸੰਦੀਪ ਕੋਲ ਗੱਲ ਤੋਰੀ। ਸੰਦੀਪ ਇੱਕ ਚਿੱਤਰਕਾਰ ਸੀ। ਚਿੱਤਰਕਾਰੀ ਹੁਣ ਉਸ ਦਾ ਸ਼ੌਕ ਨਹੀਂ ਸੀ ਰਿਹਾ। ਉਸ ਨੇ ਸਾਰੀ ਜ਼ਿੰਦਗੀ ਇਸ ਆਰਟ ਵਿੱਚ ਗਾਲ ਦਿੱਤੀ ਸੀ, ਪਰ ਰੋਟੀ ਰੱਜਵੀਂ ਵਿਚਾਰੇ ਨੂੰ ਕਦੇ ਵੀ ਨਸੀਬ ਨਾ ਹੁੰਦੀ ਤੇ ਉਹ ਹਾਰ ਕੇ ਹੁਣ ਇੱਕ ਪੇਂਟਰ ਬਣ ਕੇ ਰਹਿ ਗਿਆ ਸੀ। ਬੱਸ ਸਟੈਂਡ ’ਤੇ ‘ਸੰਦੀਪ ਆਰਟਸ’ ਉਸ ਦੀ ਦੁਕਾਨ ਸੀ। ਉਹ ਬੱਸਾਂ ਦੇ ਬੋਰਡ ਲਿਖਦਾ ਤੇ ਸ਼ਹਿਰ ਦਾ ਹੋਰ ਸਾਰਾ ਕੰਮ ਉਸ ਕੋਲ ਆਉਂਦਾ ਸੀ। ਸੰਦੀਪ ਦਾ ਪਤਲਾ ਮਧਰਾ ਛੀਂਟਕਾ ਸਰੀਰ। ਰੰਗ ਗੋਰਾ। ਦਾੜੀ ਮੁੱਛਾਂ ਡਰਾਇਵਰ ਕੱਟ। ਅੱਖਾਂ ਦੀ ਝਾਕਣੀ ਪੂਰੀ ਲੁੱਚੀ।

ਸੱਚਦੇਵ ਦਾ ਮੌਜੀ ‘ਹੋਟਲ’ ਵੀ ਬੱਸ ਸਟੈਂਡ 'ਤੇ ਹੀ ਸੀ। ਸਾਰੇ ਡਰਾਇਵਰ ਸਾਰੇ ਕੰਡਕਟਰ ਬਹੁਤਾ ਕਰਕੇ ਉਸ ਕੋਲ ਹੀ ਰੋਟੀ ਖਾਂਦੇ। ਸੱਚਦੇਵ ਇਕੱਲਾ ਹੀ ਪਟਿਆਲੇ ਰਹਿੰਦਾ ਸੀ। ਮੰਜੀ ਹੋਟਲ ਦੇ ਵਿੱਚ ਹੀ ਪਿਛਲੇ ਪਾਸੇ ਉਸ ਦੀ ਬੈਠਕ ਸੀ, ਜਿੱਥੇ ਉਹ ਪਿਛਲੇ ਸੱਤ ਸਾਲਾਂ ਤੋਂ ਰਹਿ ਰਿਹਾ ਸੀ। ਹੋਟਲ ਉਹ ਦਾ ਵਧੀਆ ਚੱਲਦਾ ਸੀ। ਮਾਂ ਪਿਓ ਉਸ ਦੇ ਧੂਰੀ ਰਹਿੰਦੇ ਸਨ, ਜਿਨ੍ਹਾਂ ਨੂੰ ਪੂਰਾ ਖ਼ਰਚ ਉਹ ਉੱਥੇ ਹੀ ਭੇਜ ਦਿੰਦਾ। ਵਿਆਹ ਉਸ ਨੇ ਅਜੇ ਨਹੀਂ ਸੀ ਕਰਵਾਇਆ। ਕੁੜੀਆਂ ਨਾਲ ਇਸ਼ਕ ਕਰਨ ਦੀ ਫਿਟਕ ਉਸ ਨੂੰ ਪੂਰੀ ਸੀ। ਪਰ ਹੁਣ ਜਿਵੇਂ ਉਸ ਨੂੰ ਸੁਰਤ ਆ ਗਈ ਸੀ ਤੇ ਉਸ ਦੇ ਹੋਟਲ ਦੀ ਕਮਾਈ ਹੁਣ ਬੈਂਕ ਦੀ ਕਾਪੀ ਵਿੱਚ ਇਕੱਠੀ ਹੋਣ ਲੱਗ ਪਈ। ਕਿਸੇ ਜਿਗਰੀ ਦੋਸਤ ਨਾਲ ਜਦੋਂ

82

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ