ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕਦੇ ਉਹ ਆਪਣੀ ਬੈਠਕ ਵਿੱਚ ਬੈਠਾ ਸ਼ਰਾਬ ਪੀਂਦਾ ਹੁੰਦਾ ਤਾਂ ਬੜੇ ਫ਼ਖ਼ਰ ਨਾਲ ਆਪਣੇ ਚਿਰ ਪੁਰਾਣੇ ਪਲੰਘ 'ਤੇ ਲੱਤ ਮਾਰ ਕੇ ਦੱਸਦਾ-ਪੂਰੀਆਂ ਪੈਂਤੀ ਸਲਵਾਰਾਂ ਏਸ ਪਲੰਘ ਦਾ ਸਰਾਣਾ ਬਣ ਚੁੱਕੀਆਂ ਨੇ।"

ਸੱਚਦੇਵ-ਹਲਕਾ ਸਰੀਰ, ਮੁਸ਼ਕੀ ਰੰਗ, ਤਿੱਖੀ ਝਾਕਣੀ ਤੇ ਹਰ ਵੇਲੇ ਸਿਗਰਟ ਪੀਂਦਾ ਰਹਿੰਦਾ।

ਮੱਖਣ ਦੀ ਗੱਲ ਸੰਦੀਪ ਨੇ ਅਗਾਂਹ ਸੱਚਦੇਵ ਕੋਲ ਤੋਰ ਦਿੱਤੀ।

ਸੱਚਦੇਵ ਨੇ ਮੱਖਣ ਦਾ ਇੱਕ ਦਿਨ ਮੋਢਾ ਫੜ ਲਿਆ ਤੇ ਹਲੂਣ ਕੇ ਆਖਿਆ‘ਮੱਖਣਾ, ਕੁੜੀਆਂ ਦਾ ਪਿਆਰ ਤਾਂ ਮਿੱਠੀ ਜ਼ਹਿਰ ਐ। ਜ਼ਹਿਰ ਵੀ ਅਜੀਬ। ਖਾ ਖਾ ਕੇ ਬੰਦਾ ਮਰਦਾ ਵੀ ਨੀ, ਜਿਉਂਦਾ ਰਹਿ ਕੇ ਸੂਲੀਆਂ ਹੰਢਾਉਂਦੈ।’ ਤੇ ਫਿਰ ਕਹਿੰਦਾ‘ਰਹਿਣ ਦੇ ਤੂੰ, ਮੇਰੀ ਮੰਨ।

ਪਰ ਸੁੱਖੇ ਦੀ ਘੂਕੀ ਵਾਂਗ ਤ੍ਰਿਸ਼ਨਾ ਦਾ ਨਸ਼ਾ ਮੱਖਣ ਦੇ ਦਿਮਾਗ਼ ਨੂੰ ਚੜ੍ਹਿਆ ਹੋਇਆ ਸੀ।

ਦਿਨ ਛਿਪਦਾ ਤੇ ਤ੍ਰਿਸਨਾ ਮੌਜੀ ਹੋਟਲ ਦੀ ਬੈਠਕ ਵਿੱਚ ਮੱਖਣ ਨੂੰ ਮੁੜ੍ਹਕਾ ਮੁੜ੍ਹਕਾ ਕਰਕੇ ਤੁਰ ਜਾਂਦੀ। ਜਿੱਦਣ ਕਦੇ ਤ੍ਰਿਸ਼ਨਾ ਦੇ ਮਾਂ-ਪਿਓ ਬਾਹਰ ਹੁੰਦੇ, ਉਹ ਦੀ ਛੋਟੀ ਭੈਣ ਤੇ ਭਰਾ ਦੂਜੇ ਕਮਰੇ ਵਿੱਚ ਪਏ ਹੁੰਦੇ ਤਾਂ ਸੱਚਦੇਵ ਤੇ ਸੰਦੀਪ ਚੁੱਪ ਕਰਕੇ ਮੱਖਣ ਨੂੰ ਕੰਧ ਟਪਾ ਦਿੰਦੇ ਤੇ ਆਪ ਸੜਕ `ਤੇ ਬਹਿ ਕੇ ਸਿਗਰਟਾਂ ਫੁਕਦੇ ਰਹਿੰਦੇ। ਮੱਖਣ ਚੁੱਪ ਤੇ ਇਕਾਂਤ ਦੇ ਸੁਰਗ ਵਿੱਚ ਤ੍ਰਿਸ਼ਨਾ ਦੀਆਂ ਕੰਬਣੀਆਂ ਭੰਦਾ ਰਹਿੰਦਾ ਤੇ ਹਨੇਰੇ ਦੀ ਘਸਮੈਲੀ ਚਾਦਰ ਤੇ ਡਰ ਦੇ ਪਤਾਸੇ ਫੁੱਟਦੇ ਰਹਿੰਦੇ।

ਦੇਸ਼ ਤੇ ਬਿਪਤਾ ਸੀ।ਗੋਲਡ ਬਾਂਡ ਖਰੀਦਣ ਲਈ ਲੋਕ ਧੜਾ ਧੜ ਸੋਨਾ ਦੇ ਰਹੇ ਸਨ। ਮੱਖਣ ਦੇ ਮਨ ਵਿੱਚ ਵੀ ਦੇਬ ਭਗਤੀ ਜਾਗੀ। ਉਸ ਨੇ ਇੱਕ ਦਿਨ ਪੰਜ ਗ੍ਰਾਮ ਸੋਨਾ ਖਰੀਦਿਆਂ ਤੇ ਬੈਂਕ ਵੱਲ ਤੁਰ ਪਿਆ। ਉਸ ਦੇ ਮਨ ਵਿੱਚ ਫੇਰ ਪਤਾ ਨਹੀਂ ਕਿਹੜੀ ਭਗਤੀ ਉੱਠ ਖੜ੍ਹੀ। ਉਹ ਇੱਕ ਸੁਨਿਆਰ ਦੇ ਗਿਆ ਤੇ ਇੱਕ ਲਾਲ ਨਗ ਵਾਲੀ ਛਾਪ ਉਸ ਪੰਜ ਗ੍ਰਾਮ ਸੋਨੇ ਦੀ ਬਣਵਾ ਕੇ ਤ੍ਰਿਸ਼ਨਾ ਦੇ ਚੀਚੀ ਵਿੱਚ ਚੜ੍ਹਾ ਆਇਆ।

ਮੱਖਣ ਦੀ ਮਾਸੀ ਦੀ ਕੁੜੀ ਦਾ ਵਿਆਹ ਸੀ। ਉਹ ਵਧੀਆ ਟੈਰਾਲਿਨ ਦਾ ਇੱਕ ਸੂਟ ਲਿਆਇਆ। ਪਰ ਜਿਸ ਦਿਨ ਉਸ ਨੇ ਵਿਆਹ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਸ ਦੀ ਬੱਸ ਦਾ ਐਕਸੀਡੈਂਟ ਹੋ ਗਿਆ। ਉਸ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਹ ਵਿਆਹ ਨਾ ਜਾ ਸਕਿਆ। ਸੂਟ ਇੱਕ ਮਹੀਨਾ ਓਵੇਂ ਜਿਵੇਂ ਉਸ ਦੇ ਟਰੰਕ ਵਿੱਚ ਪਿਆ ਰਿਹਾ। ਇੱਕ ਦਿਨ ਉਸ ਦੇ ਮਨ ਵਿੱਚ ਉਥਾਨ ਉੱਠਿਆ ਤੇ ਉਹ ਸੂਟ ਉਸ ਨੇ ਤ੍ਰਿਸ਼ਨਾ ਨੂੰ ਦੇ ਦਿੱਤਾ। ਜਦੋਂ ਕਦੇ ਉਹ ਤ੍ਰਿਸ਼ਨਾਂ ਨੂੰ ਮਿਲਦਾ ਤਾਂ ਕਦੇ ਕਦੇ ਕਾਂਤਾ ਵੀ ਉਸ ਦੇ ਨਾਲ ਹੁੰਦੀ। ਕਾਂਤਾ ਨੂੰ ਸਾਰੇ ਭੇਤ ਦਾ ਪਤਾ ਸੀ। ਅਸਲ ਵਿੱਚ ਉਹ ਤ੍ਰਿਸ਼ਨਾ ਦੀ ਪੂਰੀ ਸਹਾਇਕ ਸੀ। ਉਹ ਤ੍ਰਿਸਨਾ ਨੂੰ ਸਕੀਮਾਂ ਬਣਾ ਦਿੰਦੀ। ਕਾਂਤਾ ਮੱਖਣ ਨਾਲ ਵੀ ਪੂਰੀਆਂ ਗੱਲਾਂ ਕਰਦੀ। ਜੀਜਾ ਜੀ, ਜੀਜਾ ਜੀ, ਕਰਦੀ ਦਾ ਉਹ ਦਾ ਮੂੰਹ ਸੁੱਕਦਾ ਸੀ। ਕਾਂਤਾ ਦਾ ਬੋਲ ਕੁਝ ਭਾਰਾ ਸੀ, ਗਰਗਰਾ ਜਿਹਾ। ਜਦੋਂ ਉਹ ਕੋਈ ਗੱਲ ਸ਼ੁਰੂ ਕਰਦੀ ਤਾਂ

ਖੱਟਾ ਅੰਬ


83