ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਖੰਘ ਕੇ ਪਹਿਲਾਂ ਆਪਣਾ ਗਲ ਸਾਫ਼ ਜਿਹਾ ਕਰ ਲੈਂਦੀ। ਇੱਕ ਦਿਨ ਉਹ ਮੱਖਣ ਨੂੰ ਕਹਿੰਦੀ-ਜੀਜਾ ਜੀ, ਤ੍ਰਿਸ਼ਨਾਂ ਵਾਸਤੇ ਵੀ ਕੋਈ ਜੀਜਾ ਟੋਲ ਦਿਓ।

‘ਪਹਿਲਾਂ ਤੂੰ ਆਪਣੇ ਜੀਜੇ ਨੂੰ ਪੱਕਾ ਤਾਂ ਕਰ ਲੈ, ਫੇਰ ਤ੍ਰਿਸ਼ਨਾ ਦਾ ਜੀਜਾ ਵੀ ਆਜੂ।" ਮੱਖਣ ਨੂੰ ਹੋਰ ਕਿਸੇ ਦਾ ਧਿਆਨ ਜਿਵੇਂ ਭੋਰਾ ਵੀ ਨਹੀਂ ਸੀ। ਕਾਂਤਾ ਨੂੰ ਉਹ ਆਪਣੀ ਦੋਸਤ ਕੁੜੀ ਸਮਝਦਾ ਸੀ ਤੇ ਉਸ ਨਾਲ ਖੁੱਲ੍ਹਾ ਪੂਰਾ ਸੀ।

ਕਾਂਤਾ ਉੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਲੱਗ ਪਈ। ਪਰ ਤ੍ਰਿਸ਼ਨਾ ਨੂੰ ਅਜੇ ਤੱਕ ਕਿਤੇ ਨੌਕਰੀ ਨਹੀਂ ਸੀ ਮਿਲੀ। ਤ੍ਰਿਸ਼ਨਾਂ ਉਸ ਨੂੰ ਕਹਿੰਦੀ ਰਹਿੰਦੀ ਕਿ ਉਹ ਆਪਣੇ ਭਰਾ ਦੀਪ ਖੰਨਾਂ ਨੂੰ ਕਹਿ ਕੇ ਉਸ ਦੀ ਨੌਕਰੀ ਲਗਵਾ ਦੇਵੇ। "ਉਹ ਐਡੀ ਵੱਡੀ ਵਰਕਸ਼ਾਪ ਦਾ ਮਾਲਕ ਐ। ਸਾਰਾ ਪਟਿਆਲਾ ਉਹ ਨੂੰ ਜਾਣਦੈ। ਕੀ ਉਹ ਐਨੀ ਗੱਲ ਵੀ ਨੀ ਕਰ ਸਕਦਾ?'

ਦੀਪ ਖੰਨਾ... ਪੱਕਾ ਰੰਗ, ਮਧਰਾ ਮੋਟਾ ਅਕਾਰ, ਸਿਰ ਵਿੱਚ ਗੰਜ ਤੇ ਢਿੱਡ ਅੱਗੇ ਨੂੰ ਬੇਜਾ ਵਧਿਆ ਹੋਇਆ। ਜੋਗੀਆਂ ਵਰਗੀਆਂ ਲਾਲ ਅੱਖਾਂ ਤੇ ਹਰ ਵੇਲੇ ਪਾਨ ਮੂੰਹ ਵਿੱਚ ਰੱਖਦਾ ਸੀ।

ਤ੍ਰਿਸ਼ਨਾਂ ਕਾਂਤਾ ਦੇ ਨਾਲ ਉਨ੍ਹਾਂ ਦੇ ਘਰ ਆ ਜਾਂਦੀ। ਕਾਂਤਾ ਨੇ ਇੱਕ ਦਿਨ ਆਪਣੇ ਭਰਾ ਨੂੰ ਪੂਰਾ ਜ਼ੋਰ ਪਾ ਕੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਦੋ ਤਿੰਨ ਅਸਾਮੀਆਂ ਨਰਸ਼ਾਂ ਦੀਆਂ ਖਾਲੀ ਪਈਆਂ ਹਨ ਤੇ ਉਹ ਤ੍ਰਿਸ਼ਨਾ ਨੂੰ ਆਰਜ਼ੀ ਤੌਰ 'ਤੇ ਉੱਥੇ ਲਗਵਾ ਦੇਵੇ। ਦੀਪ ਖੰਨਾ ਚਾਰ ਪੰਜ ਦਿਨ ਤਾਂ ਟਾਲ ਮਟੋਲ ਕਰਦਾ ਰਿਹਾ, ਪਰ ਫੇਰ ਮੰਨ ਗਿਆ। ਤ੍ਰਿਸ਼ਨਾਂ ਚਾਹੁੰਦੀ ਸੀ ਕਿ ਉਹ ਛੇਤੀ ਹੀ ਨੌਕਰੀ ਲਗਵਾ ਦੇਵੇਗਾ। ਜਿਹੜਾ ਉਸ ਦੀ ਪਿਆਰੀ ਸਹੇਲੀ ਦਾ ਵੱਡਾ ਭਰਾ ਸੀ। ਸਹੇਲੀ ਜਿਹੜੀ ਜਾਨ 'ਤੇ ਖੇਡ ਜਾਣ ਵਾਲੀ ਉਹ ਦੀ ਸਾਥਣ ਸੀ ਤੇ ਦੀਪ ਖੰਨਾ ਉਸ ਨੂੰ ਫ਼ਰਿਸ਼ਤਾ ਦਿੱਸਦਾ ਸੀ।

ਇੱਕ ਦਿਨ ਮੌਜੀ ਹੋਟਲ ਵਿੱਚ ਤ੍ਰਿਸ਼ਨਾਂ ਜਦੋਂ ਮੱਖਣ ਨੂੰ ਮਿਲੀ ਤਾਂ ਮੱਖਣ ਨੇ ਉਸ ਨੂੰ ਕਹਾਣੀਆਂ ਦੀ ਇੱਕ ਕਿਤਾਬ ਪੜ੍ਹਨ ਲਈ ਦਿੱਤੀ ਤੇ ਉਸ ਵਿਚੋਂ ਇੱਕ ਖ਼ਾਸ ਪਿਆਰ ਕਹਾਣੀ ਜ਼ਰੂਰ ਪੜ੍ਹਨ ਲਈ ਜ਼ੋਰ ਦਿੱਤਾ। ਅਗਲੀ ਵਾਰ ਜਦ ਤ੍ਰਿਸ਼ਨਾ ਉਸ ਕੋਲ ਆਈ, ਕਹਿੰਦੀ-ਉਹ ਕਹਾਣੀ ਤਾਂ ਨਿਰੀ ਬਕਵਾਸ ਐ। ਉਸ ਦਾ ਮੁੱਖ ਪਾਤਰ ਆਪਣੀ ਪ੍ਰੇਮਿਕਾ ਨੂੰ ਇੱਕ ਥਾਂ ਕਹਿੰਦੈ-ਪੰਛੀ ਦਾ ਚਿੱਤ ਨਿੱਤ ਨਵੀਆਂ ਟਾਹਣੀਆਂ 'ਤੇ ਬੈਠਣ ਨੂੰ ਕਰਦਾ ਹੈ।’ ਤੇ ਮੱਖਣ ਉਸ ਨੂੰ ਕਹਿੰਦਾ, "ਬੱਸ ਮੈਂ ਤੈਨੂੰ ਇਹੀ ਤਾਂ ਸਮਝੌਣਾ ਸੀ। ਬੱਸ ਸਟੈਂਡ ਦੇ ਸਾਰੇ ਡਰਾਇਵਰ, ਸਾਰੇ ਕੰਡਕਟਰ ਜਾਣਦੇ ਸਨ ਕਿ ਮੱਖਣ ਦੀ ਡਰਾਇਵਰੀ ਕਰਨ ਦੀ ਹੁਣ ਨੀਅਤ ਨਹੀਂ। ਸਾਰੇ ਜਾਣਦੇ ਸਨ ਕਿ ਮੱਖਣ ਦੇ ਚੈਨ ਆਰਾਮ ਲੁੱਟਣ ਵਾਲੀ ਕੁੜੀ ਕਿਹੜੀ ਹੈ। ਆਥਣ ਵੇਲੇ ਬੱਸ ਸਟੈਂਡ ਦੇ ਹੋਟਲਾਂ ਤੇ ਸਬਜ਼ੀਆਂ ਦਾਲਾਂ ਨੂੰ ਤੜਕੇ ਲੱਗਦੇ ਤੇ ਮਾਸ ਰਿਝਦਾ ਤਾਂ ਕਰਾਰੀ ਕਰਾਰੀ ਵਾਸ਼ਨਾ ਸਾਰੇ ਵਾਯੂ ਮੰਡਲ ਵਿੱਚ ਫੈਲ ਜਾਂਦੀ। ਓਸੇ ਸਮੇਂ ਹੀ ਹੋਟਲਾਂ ਦੇ ਨੌਕਰ ਜਦ ਮੌਜੀ ਹੋਟਲ ਵਿੱਚ ਤ੍ਰਿਸ਼ਨਾਂ ਵੜਦੀ ਨੂੰ ਦੇਖਦੇ ਤਾਂ ਉੱਚੀ ਉੱਚੀ ਗਾਹਕਾਂ ਨੂੰ ਹਾਕਾਂ ਮਾਰਦੇ। ਬੱਸ ਸਟੈਂਡ ਦੇ ਸਾਰੇ ਸੰਸਾਰ ਵਿੱਚ ਮੱਖਣ ਦੀ ਗੱਲ ਆਮ ਸੀ।

84

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ