ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਟ ਕੇ ਕਹਿੰਦਾ-'ਤੁਰਸ ਐ ਕੁਸ।' ਸੰਦੀਪ ਮੱਖਣ ਨੂੰ ਕਹਿੰਦਾ-ਮੱਖਣ, ਸਿੱਟ ਦੇ ਸਾਰਾ ਅੰਬ, ਹੋਰ ਚੀਰ ਕੋਈ।’ ਮੱਖਣ ਨੂੰ ਪੂਰੀ ਚੜ੍ਹ ਗਈ ਸੀ। ਉਹ ਭਾਵਕ ਹੋ ਕੇ ਕਹਿੰਦਾ‘ਜਿਹੜਾ ਅੰਬ ਮੈਂ ਆਪ ਚੀਰਿਐ, ਉਸ ਨੂੰ ਕਿਵੇਂ ਸਿੱਟ ਦਿਆਂ? ਖਾਊਂਗਾ-ਭਾਵੇਂ ਖੱਟੇ, ਭਾਵੇਂ ਕੁਸ ਐ। ‘ਮੱਖਣ, ਚੀਰਿਆ ਭਾਵੇਂ ਤੋਂ ਆਪ ਹੋਉ। ਪਰ ਤੈਨੂੰ ਪਤਾ ਤਾਂ ਲੱਗ ਗਿਆ ਬਈ ਇਹ ਖੱਟੈ? ਫੇਰ ਸਿੱਟ ਦੇ ਗਾ।’ ਸੰਦੀਪ ਨੇ ਕਿਹਾ।

‘ਚੀਰੇ ਤੋਂ ਬਾਅਦ ਈ ਪਤਾ ਲੱਗਿਆ ਖੱਟੇ ਮਿੱਠੇ ਦਾ? ਇਹ ਖੱਟੇ, ਬੱਸ ਸਿੱਟ ਦੇ ਇਹਨੂੰ।" ਸੱਚਦੇਵ ਨੇ ਜ਼ੋਰ ਦਿੱਤਾ ਤੇ ਮੱਖਣ ਨੇ ਘੁਕਾ ਕੇ ਅੰਬ ਸੜਕ ਤੋਂ ਪਾਰ ਮਾਰਿਆ।

ਚਾਰ ਪੰਜ ਦਿਨਾਂ ਪਿੱਛੋਂ ਉਹ ਪਟਿਆਲੇ ਆ ਗਏ। ਮੱਖਣ ਇੱਕ ਦਿਨ ਆਥਣੇ ਰਾਜਪੁਰਾ ਰੋਡ 'ਤੇ ਪੈਰੀਂ ਤੁਰਿਆ ਜਾ ਰਿਹਾ ਸੀ। ਰਾਹ ਵਿੱਚ ਇੱਕ ਡੀਜ਼ਲ ਪੰਪ ’ਤੇ ਉਹ ਰੁਕ ਗਿਆ। ਪੰਪ ’ਤੇ ਇੱਕ ਟਰੱਕ ਤੇਲ ਪਵਾ ਰਿਹਾ ਸੀ। ਟਰੱਕ ਦਾ ਡਰਾਇਵਰ ਤਾਂ ਤੇਲ ਪਵਾਉਣ ਵਿੱਚ ਰੁਝਿਆ ਹੋਇਆ ਸੀ ਤੇ ਸੀਟ ਤੇ ਇੱਕ ਬੰਦਾ ਬੈਠਾ ਸੀ। ਘਸਮੈਲੀ ਆਥਣ ਵਿੱਚ ਮੱਖਣ ਨੇ ਸਿਆਣ ਲਿਆ, ਉਹ ਦੀਪ ਖੰਨਾ ਸੀ। ਅੱਖਾਂ ਗਹਿਰੀਆਂ, ਜਿਵੇਂ ਸ਼ਰਾਬ ਦਾ ਭੰਨਿਆ ਹੋਵੇ। ਉਸ ਦੀਆਂ ਜੋਗੀਆਂ ਵਰਗੀਆਂ ਅੱਖਾਂ ਹੋਰ ਸੂਹੀਆਂ ਲੱਗਦੀਆਂ ਸਨ। ਦੀਪ ਖੰਨਾ ਨੂੰ ਨਮਸਤੇ ਬੁਲਾ ਕੇ ਉਸ ਨੇ ਸਟੇਅਰਿੰਗ ਕੋਲ ਨਿਗਾਹ ਮਾਰੀ। ਦੀਪ ਖੰਨਾ ਦੇ ਪੱਟਾਂ ਵਿੱਚ ਤ੍ਰਿਸ਼ਨਾਂ ਦਾ ਬੇਸੁੱਧ ਸਰੀਰ ਲਟਕਿਆ ਪਿਆ ਸੀ। ਮੱਖਣ ਵਿਚੋਂ ਜਿਵੇਂ ਸਤਿ ਜਿਹਾ ਨਿਕਲ ਗਿਆ। ਉਹ ਥਾਂ ਦੀ ਥਾਂ ਢੇਰੀ ਜਿਹਾ ਹੋ ਗਿਆ। ਡੀਜ਼ਲ ਪੰਪ ਦੇ ਇੱਕ ਖੂੰਜੇ ਬੈਠਾ ਪਤਾ ਨਹੀਂ ਉਹ ਕੀ ਕੀ ਬੋਲਦਾ ਰਿਹਾ।

ਅਖ਼ੀਰ ਵਿੱਚ ਉਹ ਵੱਡੀ ਰਾਤ ਹੋਈ ਤੋਂ ਇਹੀ ਖ਼ਿਆਲ ਮਨ ਵਿੱਚ ਲੈ ਕੇ ਮੁੜਿਆ ਕਿ ਉਸ ਦਿਨ ਦਿਆਲਪੁਰੇ ਦੇ ਅੱਡੇ ਤੇ ਸੱਚਦੇਵ ਅਤੇ ਸੰਦੀਪ ਦੇ ਕਹੇ ਤੋਂ ਖੱਟਾ ਅੰਬ ਜਿਹੜਾ ਉਸ ਨੇ ਸੁੱਟ ਦਿੱਤਾ ਸੀ, ਉਹ ਠੀਕ ਹੀ ਸਿੱਟਿਆ ਸੀ।

86

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ