ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਛੱਪੜੀ ਵਿਹੜਾ


ਇੱਕ ਬੂਟਾ ਸੀ। ਉਨ੍ਹਾਂ ਦਾ ਘਰ ਛੱਪੜੀ ਤੇ ਸੀ। ਉੱਥੇ ਹੋਰ ਵੀ ਬਹੁਤ ਸਾਰੇ ਘਰ ਸਨ। ਪਿੰਡ ਵਿੱਚ ਇਨ੍ਹਾਂ ਨੂੰ ਛੱਪੜੀ-ਵਿਹੜਾ ਕਹਿੰਦੇ। ਇਸ ਛੱਪੜੀ 'ਤੇ ਨਾ ਤਾਂ ਕੋਈ ਡੰਗਰ ਪਸ਼ੂ ਪਾਣੀ ਪੀਂਦਾ ਤੇ ਨਾ ਹੀ ਇਹ ਪਾਣੀ ਕਿਸੇ ਹੋਰ ਕੰਮ ਆਉਂਦਾ। ਛੱਪੜੀ ਵਿੱਚ ਬਾਹਰੋਂ ਕਿਤੋਂ ਪਾਣੀ ਜਾਣ-ਬੁੱਝ ਕੇ ਵੀ ਨਹੀਂ ਲਿਆਂਦਾ ਜਾਂਦਾ ਸੀ। ਮੀਂਹ ਪੈਂਦਾ ਤੇ ਪਿੰਡ ਦੇ ਨੀਵੇਂ ਪਾਸੇ ਦਾ ਪਾਣੀ ਵਗ ਕੇ ਇਸ ਛੱਪੜੀ ਵਿੱਚ ਆ ਇਕੱਠਾ ਹੁੰਦਾ। ਛੱਪੜੀ-ਵਿਹੜੇ ਦਾ ਗੰਦਾ ਪਾਣੀ ਵੀ ਇਸੇ ਵਿੱਚ ਪੈਂਦਾ।

ਗਰਮੀ ਦੇ ਦਿਨਾਂ ਵਿੱਚ ਛੱਪੜੀ ਦਾ ਪਾਣੀ ਮੱਛਰਾਂ ਦਾ ਘਰ ਬਣ ਜਾਂਦਾ। ਥੋੜ੍ਹਾ ਰਹਿ ਜਾਂਦਾ ਤਾਂ ਮੁਸ਼ਕ ਮਾਰਨ ਲੱਗਦਾ।ਮੀਂਹਾਂ ਦੇ ਦਿਨਾਂ ਵਿੱਚ ਛੱਪੜੀ ਇੱਕ ਝੀਲ ਦਾ ਰੂਪ ਧਾਰ ਲੈਂਦੀ। ਘਰਾਂ ਦੀਆਂ ਦੇਹਲੀਆਂ ਤੱਕ ਪਾਣੀ ਪਹੁੰਚ ਜਾਂਦਾ। ਹੋਰ ਕਿਸੇ ਪਾਸੇ ਨਿਕਲਣ ਨੂੰ ਥਾਂ ਵੀ ਕੋਈ ਨਾ ਹੁੰਦੀ। ਛੱਪੜੀ-ਵਿਹੜੇ ਦੇ ਕੱਚੇ ਘਰ ਸਾਬਤ ਖੜ੍ਹੇ ਰਹਿਣ ਦੀਆਂ ਸੁੱਖਾਂ ਸੁੱਖਦੇ।

ਇਹ ਸਾਰੇ ਵੀਹ-ਬਾਈ ਘਰ ਸਨ। ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ। ਪਿਛਲੇ ਸਮਿਆਂ ਵਿੱਚ ਲੱਗਭੱਗ ਸਾਰੇ ਹੀ ਘਰ ਜੁੱਤੀਆਂ ਸਿਉਣ ਦਾ ਕੰਮ ਕਰਦੇ ਸਨ। ਪਰ ਜਿਉਂ ਜਿਉਂ ਸਮਾਂ ਬਦਲਦਾ ਗਿਆ, ਕੰਮ ਵੀ ਬਦਲਦੇ ਗਏ। ਹੁਣ ਜੁੱਤੀਆਂ ਦਾ ਕੰਮ ਵੀ ਚਾਰ-ਪੰਜ ਘਰਾਂ ਕੋਲ ਹੀ ਰਹਿ ਗਿਆ ਹੈ। ਬਹੁਤੇ ਲੋਕ ਖੇਤ-ਮਜ਼ਦੂਰੀ ਦਾ ਕੰਮ ਕਰਦੇ ਹਨ। ਕੁਝ ਬੰਦੇ ਜ਼ਿਮੀਂਦਾਰਾਂ ਨਾਲ ਸੀਰੀ ਰਲੇ ਹੋਏ ਸਨ। ਕੁਝ ਨੇੜੇ ਦੀ ਲੰਘਦੀ ਹੋਈ ਸੜਕ ਤੇ ਮਜ਼ਦੂਰ ਸਨ। ਸੜਕ ਨਿਕਲੀ ਨੂੰ ਤਾਂ ਪੰਦਰਾਂ-ਵੀਹ ਸਾਲ ਹੋ ਗਏ, ਪਰ ਉਹਦੀ ਮੁਰੰਮਤ ਦਾ ਕੰਮ ਸਦਾ ਹੀ ਚੱਲਦਾ ਰਹਿੰਦਾ ਹੈ। ਟੁੱਟੇ-ਉੱਖੜੇ ਥਾਵਾਂ 'ਤੇ ਬੱਜਰੀ-ਲੁੱਕ ਦੀਆਂ ਟਾਕੀਆਂ ਲੱਗਦੀਆਂ ਹਨ। ਕਿਨਾਰਿਆਂ ਤੋਂ ਮਿੱਟੀ ਖੁਰ ਜਾਂਦੀ ਹੈ ਤੇ ਖ਼ਤਾਨਾਂ ਵਿਚੋਂ ਇਨ੍ਹਾਂ ਕਿਨਾਰਿਆਂ ਨੂੰ ਕਾਇਮ ਰੱਖਣ ਦਾ ਕੰਮ। ਹੋਰ ਨਹੀਂ ਤਾਂ ਬੱਸ ਗੇੜਾ-ਫੇੜਾ ਹੀ। ਕੁਝ ਇੱਕ ਬੰਦੇ ਹੋਰਨਾਂ ਪਿੰਡਾਂ ਵਿੱਚ ਜਾ ਕੇ ਅਨੇਕਾਂ ਪ੍ਰਕਾਰ ਦਾ ਨਿੱਕਾ-ਮੋਟਾ ਸਮਾਨ ਵੇਚਦੇ ਹਨ। ਸਾਈਕਲ 'ਤੇ ਜਾਂਦੇ ਹਨ। ਇਨ੍ਹਾਂ ਲੋਕਾਂ ਦਾ ਗੁਜ਼ਾਰਾ ਇਸੇ ਵਿਚੋਂ ਹੀ ਹੁੰਦਾ ਰਹਿੰਦਾ ਹੈ। ਦੋ-ਤਿੰਨ ਬੰਦੇ ਡੱਗੀ ਦਾ ਕੰਮ ਵੀ ਕਰਦੇ ਹਨ। ਸ਼ਹਿਰੋਂ ਸਸਤੇ ਭਾਅ ਕੱਪੜਾ ਲੈ ਆਉਂਦੇ ਹਨ ਤੇ ਫਿਰ ਪਿੰਡਾਂ ਦੀਆਂ ਗਲੀਆਂ ਵਿੱਚ ਤੁਰ-ਫਿਰ ਕੇ ਹੋਕਾ ਦੇ ਕੇ ਬੁੜੀਆਂ-ਕੁੜੀਆਂ ਨੂੰ ਇਹ ਕੱਪੜਾ ਵੇਚਦੇ ਹਨ। ਸੜਕਾਂ ਤਾਂ

ਛੱਪੜੀ ਵਿਹੜਾ

87