ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਮ ਹਨ, ਇਹ ਸਾਈਕਲਾਂ ਵਾਲੇ ਪੰਦਰਾਂ-ਪੰਦਰਾਂ, ਅਠਾਰਾਂ-ਅਠਾਰਾਂ ਮੀਲਾਂ ਤੱਕ ਵੀ ਦੂਰ ਪਿੰਡ ਵਿੱਚ ਜਾ ਆਉਂਦੇ ਹਨ। ਬੜੀ ਕਠਿਨ ਕਮਾਈ ਹੈ, ਇਨ੍ਹਾਂ ਲੋਕਾਂ ਦੀ ਔਰਤਾਂ ਪਿੰਡ ਹੀ ਜ਼ਿਮੀਂਦਾਰ ਲੋਕਾਂ ਦੇ ਘਰਾਂ ਤੇ ਖੇਤਾਂ ਦਾ ਕੰਮ ਕਰਦੀਆਂ ਹਨ। ਛੋਟੇ ਬੱਚੇ ਵੀ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਮੱਝਾਂ ਚਾਰਨ ਦਾ ਕੰਮ ਕਰਦੇ ਹਨ। ਕੁਝ ਬੱਚੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਵੀ ਜਾਂਦੇ ਹਨ। ਪ੍ਰਾਇਮਰੀ ਤੱਕ ਦਾ ਸਕੂਲ ਤਾਂ ਛੱਪੜੀ ਵਿਹੜੇ ਦੇ ਨੇੜੇ ਹੀ ਹੈ। ਉਸ ਤੋਂ ਅੱਗੇ ਅੱਠਵੀਂ ਤੱਕ ਦਾ ਸਕੂਲ ਪਿੰਡ ਦੇ ਸੜਕ ਵਾਲੇ ਪਾਸੇ ਨਵਾਂ ਹੀ ਬਣਿਆ ਹੋਇਆ ਹੈ। ਕੁਝ ਬੱਚੇ ਉੱਥੇ ਵੀ ਪੜ੍ਹਨ ਜਾਂਦੇ ਹਨ। ਨਾਲ ਲੱਗਦੇ ਸ਼ਹਿਰ ਵਿੱਚ ਕਈ ਹਾਈ ਸਕੂਲ ਹਨ ਤੇ ਦੋ ਕਾਲਜ ਵੀ। ਕੁਝ ਮੁੰਡੇ ਕਾਲਜ ਪੜ੍ਹਨ ਜਾਂਦੇ ਹਨ।

ਬੂਟਾ ਪੰਜ ਸਾਲ ਦਾ ਹੋ ਗਿਆ ਸੀ। ਇੱਕ ਦਿਨ ਦੋ ਔਰਤਾਂ ਉਨ੍ਹਾਂ ਦੇ ਘਰਾਂ ਵਿੱਚ ਆਈਆਂ। ਬਾਹਾਂ ਵਿੱਚ ਚਮੜੇ ਦੇ ਕਾਲੇ ਬਟੁਏ ਲਮਕਾਏ ਹੋਏ ਤੇ ਇੱਕ ਕੋਲ ਇੱਕ ਰਜਿਸਟਰ ਸੀ। ਉਨ੍ਹਾਂ ਨੂੰ ਦੇਖ ਕੇ ਘਰਾਂ ਦੀਆਂ ਬੁੜ੍ਹੀਆਂ-ਕੁੜੀਆਂ ਇਕੱਠੀਆਂ ਹੋ ਗਈਆਂ, ਪੁੱਛਣ ਲੱਗੀਆਂ-ਤੁਸੀਂ ਕੌਣ ਹੋਈਆਂ ਭਾਈ?' ਉਹ ਕਹਿੰਦੀਆਂ-ਅਸੀਂ ਮਾਸਟਰਾਣੀਆਂ, ਨਵੀਆਂ ਈ ਇੱਥੋਂ ਦੇ ਸਕੂਲ 'ਚ ਬਦਲ ਕੇ ਆਈਆਂ, ਇਸੇ ਸਾਲ ਈ, ਅਸੀਂ ਨਵੇਂ ਬੱਚਿਆਂ ਦੇ ਨਾਉਂ ਲਿਖਣੇ ਨੇ।

‘ਨਵੇਂ ਬੱਚੇ ਕਿਹੜੇ?" ਇੱਕ ਬੁੜ੍ਹੀ ਨੇ ਪੁੱਛਿਆ।

‘ਨਵੇ, ਤਾਈ ਜਿਹੜੇ ਇਸ ਸਾਲ ਜੰਮੇ ਨੇ, ਇੱਕ ਨਵੀਂ ਬਹੁ ਤਾੜੀ ਮਾਰ ਕੇ ਹੱਸ ਪਈ।

ਮਾਸਟਰਾਣੀਆਂ ਨਹੀਂ ਦੱਸੀਆਂ। ਉਹ ਇੰਝ ਕਰਦੀਆਂ ਤਾਂ ਉਨ੍ਹਾਂ ਦੀ ਗੱਲ ਹਾਸੇ ਵਿੱਚ ਪੈ ਜਾਣੀ ਸੀ। ਇੱਕ ਬੋਲੀ-ਨਵੇਂ ਬੱਚੇ, ਬੇਜੀ, ਜਿਹੜੇ ਅਗਲੇ ਸਾਲ ਸਕੂਲ 'ਚ ਦਾਖ਼ਲ ਕਰੌਣੇ ਨੇ, ਜਿਨ੍ਹਾਂ ਦੀ ਉਮਰ ਹੁਣ ਪੰਜ ਸਾਲ ਹੋ ਚੁੱਕੀ ਐ।"

‘ਲੈ ਨੀ, ਭਾਈਆਂ ਦੀਓ। ਚੰਦ ਵੇ, ਤੇਰਾ ਨਾਉਂ ਲਿਖਣ ਆਈਆਂ ਨੇ ਇਹ ਤਾਂ ਭੈਣ ਜੀਆਂ, ਇੱਕ ਬੁੜ੍ਹੀ ਨੇ ਆਪਣੇ ਕੋਲ ਖੜ੍ਹੇ ਪੋਤੇ ਨੂੰ ਕਿਹਾ। ਦੂਜੇ ਮੁੰਡੇ-ਕੁੜੀਆਂ ਨੇ ਸੁਣਿਆ ਤਾਂ ਚਾਂਭੜਾਂ ਪਾਉਣ ਲੱਗੇ-ਆਹਾ ਜੀ, ਅਸੀਂ ਸਕੂਲ ਜਾਇਆ ਕਰਾਂਗੇ।

ਚੰਦ ਉਸੇ ਵੇਲੇ ਠੁੱਸ-ਠੁੱਸ ਕਰਕੇ ਪੁੱਛਣ ਲੱਗਿਆ-ਐਬੋ, ਮੈਨੂੰ ਫੱਟੀ ਲੈ ਕੇ ਦੇ ਦੇਂਗੀ?'

ਬੂਟਾ ਵੀ ਉੱਥੇ ਸੀ। ਉਹ ਵੀ ਆਪਣੀ ਮਾਂ ਵੱਲ ਝਾਕਿਆ। ਉਹਦੀਆਂ ਅੱਖਾਂ ਵਿੱਚ ਵੀ ਚਮਕ ਸੀ। ਚੰਦ ਦੀ ਦਾਦੀ ਉਹਦੀ ਮਾਂ ਨੂੰ ਪੁੱਛਣ ਲੱਗੀ-ਮੁਖਤਿਆਰ ਕੁਰੇ, ਕੁੜੇ ਬਹੂ, ਬੂਟਾ ਵੀ ਤੇਰਾ ਸੁੱਖ ਨਾਲ ਹੋ ਗਿਆ ਹੋਣੈ ਪੰਜ ਸਾਲ ਦਾ ਤਾਂ?'

‘ਹਾਂ ਅੰਮਾ ਜੀ। ਇਸ ਮਾਘ ਤੋਂ ਛੀਵਾਂ ਲੱਗ ਜੂ। ਤੇਰੇ ਪੁੱਤ ਨੇ ਉਸੇ ਸਾਲ ਸੀਰ ਛੱਡਿਆ ਸੀ। ਜਦੋਂ ਪੱਟ ਤੋਂ ਡਿੱਗ ਕੇ ਗਿੱਟਾ ਟੁੱਟਿਐ ਉਹਦਾ।"

‘ਚੰਗਾ ਧੀਏ, ਜਿਉਂਦਾ ਰਹੇ। ਤੂੰ ਵੀ ਲਿਖਾ ਦੇ ਇਹ ਦਾ ਨਾਉਂ। ਸੁੱਖ ਨਾਲ ਸਕੂਲ ਜਾਇਆ ਕਰੂ। ਪੜ੍ਹ ਜੂਗਾ, ਕਿਸੇ ਨੌਕਰੀ-ਚਾਕਰੀ ’ਤੇ ਹੋ ਜੂ। ਬੁੜ੍ਹੀ ਨੇ ਹੱਲਾਸ਼ੇਰੀ ਦਿੱਤੀ।

88

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ