ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਟਿਕਾਓ ਵਿੱਚ ਉਹਨੂੰ ਤਾਂ ਸਗੋਂ ਸੁੱਖ ਜਿਹਾ ਆਉਣ ਲੱਗਿਆ ਸੀ। ਜਿਉਂ ਹੀ ਗੱਡਾ ਪੁਲੀ ਉਤਰਨ ਲੱਗਿਆ, ਬਲ਼ਦ ਭੱਜ ਪਏ ਤੇ ਜਬਰਾ ਪੱਟ ਉੱਤੋਂ ਤਿਲਕ ਕੇ ਥੱਲੇ ਆ ਗਿਆ। ਅਜੇ ਤਾਂ ਸ਼ੁਕਰ ਕਿ ਉਹ ਪਹੀਏ ਥੱਲੇ ਨਾ ਆ ਗਿਆ। ਅਜਿਹਾ ਹੁੰਦਾ ਤਾਂ ਇਸ ਦੁਨੀਆਂ ਵਿੱਚ ਹੁਣ ਉਹਨੇ ਹੋਣਾ ਹੀ ਨਹੀਂ ਸੀ। ਉਹ ਥੱਲੇ ਡਿੱਗਿਆ ਤੇ ਗੱਡੇ ਹੇਠ ਐਨ ਵਿਚਕਾਰ ਗੱਡਾ ਉਹਦੇ ਉੱਤੋਂ ਦੀ ਲੰਘ ਗਿਆ। ਜਿਵੇਂ ਰੱਬ ਨੇ ਉਹਨੂੰ ਹੱਥ ਦੇ ਕੇ ਰੱਖ ਲਿਆ ਹੋਵੇ। ਦੂਰ ਜਾ ਕੇ ਬਲ਼ਦ ਵੀ ਜੂਲੇ ਵਿਚੋਂ ਬਾਹਰ ਨਿਕਲ ਗਏ। ਉਨ੍ਹਾਂ ਦੀਆਂ ਜੋਤਾਂ ਟੁੱਟ ਗਈਆਂ। ਗੱਡੇ ਦੀ ਠੋਡ ਅਸਮਾਨ ਵੱਲ ਮੂੰਹ ਚੁੱਕੀ ਖੜ੍ਹੀ ਸੀ। ਗੱਡਾ ਉਲਰ ਚੁੱਕਿਆ ਸੀ। ਦਿਹਾੜੀਏ ਨੇ ਭੱਜ ਕੇ ਉਹਨੂੰ ਬੈਠਾ ਕੀਤਾ ਤੇ ਫੇਰ ਬਲਦ ਸੰਭਾਲੇ। ਜਬਰਾ ਤੁਰ ਨਹੀਂ ਸਕਦਾ ਸੀ। ਉਹਦੀ ਲੱਤ ਗਿੱਟੇ ਤੋਂ ਜਰਕਾਟਾ ਖਾ ਗਈ ਸੀ।

4

ਕਦੇ ਕਿਤੇ ਜਾ, ਕਦੇ ਕਿਤੇ ਜਾ, ਜਬਰਾ ਦੋ ਮਹੀਨੇ ਲੱਤ ਉੱਤੇ ਪੱਟੇ ਬੰਨ੍ਹਾਉਂਦਾ ਰਿਹਾ। ਉਨ੍ਹਾਂ ਦੇ ਪਿੰਡ ਵਿੱਚ ਹੀ ਘੋੜੀ ਬੁੜ੍ਹਾ ਇਲਾਕੇ ਦਾ ਮੰਨਿਆ ਹੋਇਆ ਸਿਆਣਾ ਸੀ। ਟੁੱਟੀਆਂ-ਉਤਰੀਆਂ ਲੱਤਾਂ-ਬਾਹਾਂ ਵਾਲੇ ਲੋਕ ਦੂਰ-ਦੂਰ ਤੋਂ ਉਹਦੇ ਕੋਲ ਆਉਂਦੇ। ਉਹ ਕਿਸੇ ਤੋਂ ਲੈਂਦਾ ਕੁਝ ਨਹੀਂ ਸੀ। ਮੁਫ਼ਤ ਦੀ ਸੇਵਾ। ਕਿੰਨਿਆਂ ਹੀ ਵਰਿਆਂ ਤੋਂ ਉਹ ਇਹ ਕੰਮ ਕਰਦਾ ਸੀ। ਦੂਰੋਂ ਆਏ ਗਰੀਬ-ਗੁਰਬੇ ਨੂੰ ਤਾਂ ਰੋਟੀ ਵੀ ਘਰੋਂ ਖਵਾਉਂਦਾ। ਕਿਸੇ ਨੂੰ ਬਹੁਤੀ ਤਕਲੀਫ਼ ਹੁੰਦੀ ਤਾਂ ਕਹਿੰਦਾ ਕਿ ਉਹ ਦਾਰੂ ਦਾ ਅਧੀਆ ਪੀ ਲਵੇ। ਮਰੀਜ਼ ਦਾਰੂ ਦੇ ਨਸ਼ੇ ਵਿੱਚ ਹੁੰਦਾ ਤੇ ਘੋੜੀ ਉਹ ਦੇ ਟੁੱਟੇ ਅੰਗ ਦੀ ਪੂਰੀ ਡਾਕਟਰੀ ਕਰ ਦਿੰਦਾ। ਸਰੋਂ ਦੇ ਤੇਲ ਦੀਆਂ ਮਾਲਸ਼ਾਂ ਕਰਦਾ। ਝਟਕਾ ਮਾਰ ਕੇ ਉਤਰਿਆ ਅੰਗ ਥਹਿ ਸਿਰ ਬਿਠਾ ਦਿੰਦਾ ਤੇ ਫੇਰ ਬਾਂਸ ਦੀਆਂ ਫੱਟੀਆਂ ਬੰਨ੍ਹ ਕੇ ਪੱਟਾ ਕੱਸ ਦਿੰਦਾ। ਟੁੱਟੀਆਂ ਲੱਤਾਂ-ਬਾਹਾਂ ਦਾ ਉਹ ਪੁਰਾ ਕਾਰੀਗਰ ਸੀ। ਬੰਦੇ ਦੇ ਮਾਸ ਅੰਦਰ ਹੱਡੀਆਂ ਦੇ ਇੱਕ ਇੱਕ ਜੋੜ ਦਾ ਜਿਵੇਂ ਉਹਨੂੰ ਪੂਰਾ ਚਾਨਣ ਹੋਵੇ। ਇਕੱਲੀ-ਇਕੱਲੀ ਹੱਡੀ ਟੋਹ ਕੇ ਦੱਸਦਾ। ਘੋੜੀ ਨੇ ਪਹਿਲਾਂ ਤਾਂ ਜਬਰੇ ਨੂੰ ਪੱਟੇ ਬੰਨਾਏ। ਗਿੱਟੇ ਵਾਲੀ ਥਾਂ ਨਰਮ ਕੀਤੀ। ਫੇਰ ਇੱਕ ਦਿਨ ਉਹਨੂੰ ਦਾਰੂ ਪਿਆ ਕੇ ਉਹਦਾ ਗਿੱਟਾਂ ਕੜੱਕ ਦੇ ਕੇ ਚਾੜ੍ਹ ਦਿੱਤਾ। ਫੱਟੀਆਂ ਬੰਨ੍ਹ ਦਿੱਤੀਆਂ। ਸੱਤਵੇਂ ਦਿਨ ਫੱਟੀਆਂ ਖੋਲ੍ਹੀਆਂ ਤਾਂ ਗਿੱਟੇ ਵਿੱਚ ਤਾਂ ਓਨਾ ਹੀ ਦਰਦ ਸੀ। ਲੱਤ ਤਾਂ ਸੁੱਜੀ ਪਈ ਸੀ। ਪੈਰ ਧਰਤੀ ਨਾਲ ਲੱਗਦਾ ਹੀ ਨਹੀਂ ਸੀ। ਦੂਜੀ ਵਾਰ ਫੇਰ ਘੋੜੀ ਨੇ ਲੱਤ ਦੀ ਡਾਕਟਰੀ ਕੀਤੀ। ਇਸ ਵਾਰ ਤਾਂ ਜਬਰੇ ਦੀਆਂ ਚਾਂਗਾਂ ਹੀ ਨਿਗਲ ਗਈਆਂ।ਉਹ ਬੁਰੀ ਤਰ੍ਹਾਂ ਕਰਾਹ ਉੱਠਿਆ। ਕੂਕਿਆਂ-ਓਏ, ਇਸੇ ਤਰ੍ਹਾਂ ਦੀ ਰਹਿਣ ਦੇਹ, ਮੈਨੂੰ ਤਾਂ। ਇੱਥੇ ਈ ਜੁੜਿਆ ਜਾਣ ਦੇਹ ਗਿੱਟਾ। ਮੈਂ ਤਾਂ ਲੰਗ ਮਾਰ ਕੇ ਹੀ ਤੁਰ ਲਿਆ ਕਰੂ। ਮੈਥੋਂ ਇਹ ਕਸਾਈਪੁਣਾਂ ਨੀਂ ਕਰਵਾਇਆ ਜਾਂਦਾ। ਪਰ ਘੋਤੀ ਨੇ ਉਹਨੂੰ ਛੱਡਿਆ ਨਾ। ਜਬਰੇ ਨੂੰ ਹੋਰ ਤਿੰਨ ਬੰਦਿਆਂ ਨੇ ਘੁੱਟ ਕੇ ਫੜਿਆ ਹੋਇਆ ਸੀ। ਦੋ ਵਾਰੀ ਉਹਦੇ ਮੂੰਹ ਨੂੰ ਪਾਣੀ ਲਾਇਆ ਗਿਆ, ਪਰ ਉਹਦੀ ਲੱਤ ਠੀਕ ਨਾ ਹੋਈ। ਗਿੱਟਾ ਥਹਿ ਸਿਰ ਆਇਆ ਹੀ ਨਾ। ਨੰਬਰਦਾਰ ਦਾ ਸੀਰ ਵਿਚਕਾਰ

92

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ