ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਰਹਿ ਗਿਆ। ਕੰਮ 'ਤੇ ਨਾ ਜਾਣ ਕਰਕੇ ਉਹਦੇ ਸਿਰ ਦਿਹਾੜੀਆਂ ਪੈ ਰਹੀਆਂ ਸਨ। ਜ਼ਿਮੀਦਾਰ ਨੂੰ ਉਹਦੇ ਗਿੱਟੇ ਟੁੱਟੇ ਦਾ ਫ਼ਿਕਰ ਨਹੀਂ ਸੀ। ਉਹਨੂੰ ਤਾਂ ਆਪਣੇ ਕੰਮ ਦਾ ਫ਼ਿਕਰ ਸੀ। ਜਬਰੇ ਕੋਲ ਹੋਰ ਕੋਈ ਬੰਦਾ ਵੀ ਨਹੀਂ ਸੀ, ਜਿਸ ਨੂੰ ਉਹ ਆਪਣੀ ਥਾਂ ਸ਼ਾਮ ਸਿੰਘ ਦੇ ਸੀਰ ’ਤੇ ਤੋਰ ਸਕਦਾ ਤੇ ਨਾਲੇ ਜ਼ਮਾਨਾ ਉਹ ਨਹੀਂ ਰਹਿ ਗਿਆ ਸੀ। ਕਿਸੇ ਦੀ ਖ਼ਾਤਰ ਕੌਣ ਕੰਮ 'ਤੇ ਜਾਂਦਾ ਹੈ ਤੇ ਨਾਲੇ ਅਗਲਾ ਜਾਵੇ ਵੀ ਤਾਂ ਦੋ-ਚਾਰ ਦਿਨ। ਮਹੀਨਾ ਕੋਈ ਨਹੀਂ ਲੰਘਾ ਸਕਦਾ। ਜਬਰੇ ਦੀ ਸਾਕ-ਸਕੀਰੀ ਵਿੱਚ ਵੀ ਅਜਿਹਾ ਕੋਈ ਨਹੀਂ ਸੀ, ਜਿਹੜਾ ਭੀੜ ਪਈ ’ਤੇ ਉਹਦੇ ਕੰਮ ਆ ਸਕਦਾ। ਹਰ ਇੱਕ ਨੂੰ ਆਪਣੀ ਰੋਜ਼ੀ ਰੋਟੀ ਦਾ ਫ਼ਿਕਰ ਹੁੰਦਾ ਹੈ। ਕੌਣ ਕਿਸੇ ਦਾ ਕੁਝ ਕਰ ਸਕਦਾ ਹੈ। ਇੱਕ ਮਹੀਨਾ ਜਬਰੇ ਦੇ ਮੂੰਹ ਵੱਲ ਦੇਖ ਕੇ ਸ਼ਾਮ ਸਿੰਘ ਨੰਬਰਦਾਰ ਨੇ ਨਵਾਂ ਸੀਰੀ ਰਲਾ ਲਿਆ। ਨਵੇਂ ਸੀਰੀ ਨੂੰ ਸੀਰ ਦੇ ਅੱਧੇ ਪੈਸੇ ਦਿੱਤੇ। ਫ਼ਸਲ ਵਿੱਚ ਵੀ ਅੱਠਵੇਂ ਹਿੱਸੇ ਦੀ ਥਾਂ ਸੋਲ੍ਹਵਾਂ ਹਿੱਸਾ ਕੀਤਾ, ਕਿਉਂ ਕਿ ਅੱਧੀ ਫ਼ਸਲ ਤਾਂ ਜਬਰੇ ਸਮੇਂ ਦੀ ਕਮਾਈ ਹੋਈ ਸੀ।

ਇੱਕ ਮਹੀਨਾ ਜਬਰਾ ਜੋ ਗੈਰਹਾਜ਼ਰ ਸੀ, ਉਨ੍ਹਾਂ ਦਿਨਾਂ ਦੀਆਂ ਦਿਹਾੜੀਆਂ ਨੰਬਰਦਾਰ ਨੇ ਉਹਦੇ `ਤੇ ਤਰਸ ਖਾ ਕੇ ਉਹ ਨੂੰ ਮਾਫ਼ ਕਰ ਦਿੱਤੀਆਂ। ਸਰਪੰਚ ਦੇ ਕਹੇ ਵੇਖੇ ਤੋਂ ਉਹਨੂੰ ਇੱਕ ਕੁਇੰਟਲ ਕਣਕ ਵੀ ਦੇ ਦਿੱਤੀ, ਪਰ ਸੀਰ ਦਾ ਕੋਈ ਹਿੱਸਾ ਨਹੀਂ। ਨੰਬਰਦਾਰ ਕਹਿੰਦਾ ਸੀ, ਸੀਰ ਤਾਂ ਵਿਚ ਹੀ ਰਹਿ ਗਿਆ, ਹੁਣ ਹਿੱਸਾ ਕਾਹਦਾ? ਸੀਰ ਵਿਚੇ ਹੀ ਛੱਡ ਕੇ ਜਬਰੇ ਨੇ ਤਾਂ ਉਨ੍ਹਾਂ ਦਾ ਸਾਲ ਹੀ ਖ਼ਰਾਬ ਕਰ ਦਿੱਤਾ।

ਜਬਰੇ ਨੂੰ ਐਨਾ ਫ਼ਿਕਰ ਫ਼ਸਲ ਦੇ ਹਿੱਸੇ ਦਾ ਨਹੀਂ ਸੀ, ਜਿੰਨੀ ਚਿੰਤਾ ਉਹਨੂੰ ਇਹ ਵੱਢ-ਵੱਢ ਖਾਂਦੀ ਸੀ ਕਿ ਸੀਰ ਦੇ ਪੈਸਿਆਂ ਨੂੰ ਕਿਸ ਵਿਧ ਵਾਪਸ ਕਰ ਸਕੇਗਾ। ਉਹ ਲੱਤ ਤੋਂ ਆਰੀ ਹੋਇਆ ਬੈਠਾ ਸੀ। ਅਗਲੇ ਸਾਲ ਕਿਸੇ ਨਾਲ ਸੀਰੀ ਰਲਦਾ, ਤਦ ਹੀ ਉਹਦੇ ਕੋਲੋਂ ਸੀਰ ਦੇ ਪੈਸੇ ਲੈ ਕੇ ਨੰਬਰਦਾਰ ਦੀ ਰਕਮ ਵਾਪਸ ਮੋੜ ਸਕਦਾ। ਨੰਬਰਦਾਰ ਨੇ ਤਾਂ ਬੇਕਿਰਕ ਹੋ ਕੇ ਉਹਨੂੰ ਇਹ ਵੀ ਸੁਣਾ ਦਿੱਤਾ ਕਿ ਜੇ ਉਹ ਮੌਕੇ 'ਤੇ ਸੀਰ ਦੇ ਪੈਸੇ ਨਹੀਂ ਦੇਵੇਗਾ ਤਾਂ ਸਾਰੀ ਰਕਮ ਤੇ ਵਿਆਜ ਲੱਗਣਾ ਸ਼ੁਰੂ ਹੋ ਜਾਵੇਗਾ।

ਘੋੜੀ ਤੋਂ ਕੁਝ ਨਾ ਬਣਦਾ ਦੇਖ ਕੇ ਜਬਰਾ ਹੋਰ ਪਿੰਡੋਂ ਵੀ ਗਿਆ। ਲੱਤ ਦੀ ਹਾਲਤ ਨੂੰ ਦੇਖ ਕੇ ਹਰ ਕੋਈ ਜਵਾਬ ਦੇ ਦਿੰਦਾ। ਕੋਈ ਹੱਥ ਨਹੀਂ ਪਾ ਰਿਹਾ ਸੀ। ਅਖ਼ੀਰ ਉਹ ਸ਼ਹਿਰ ਦੇ ਹਸਪਤਾਲ ਵਿੱਚ ਜਾ ਦਾਖ਼ਲ ਹੋਇਆ। ਪਹਿਲਾਂ ਤਾਂ ਡਾਕਟਰ ਉਹਨੂੰ ਦਾਖ਼ਲ ਹੀ ਨਹੀਂ ਕਰ ਰਿਹਾ ਸੀ। ਝਿੜਕਾਂ ਦੇ ਰਿਹਾ ਸੀ ਕਿ ਉਹ ਐਨਾ ਚਿਰ ਘਰੇ ਕਿਉਂ ਬੈਠਾ ਰਿਹਾ। ਲੱਤ ਤਾਂ ਗਲਣ ਤੇ ਆਈ ਪਈ ਹੈ ਤੇ ਫਿਰ ਤਰਸ ਖਾ ਕੇ ਹੱਡੀਆਂ ਦੇ ਮਾਹਰ ਡਾਕਟਰ ਨੇ ਉਹਨੂੰ ਦਾਖ਼ਲ ਕਰ ਲਿਆ। ਉਹਦੀ ਲੱਤ ਦਾ ਪਲੱਸਤਰ ਕੀਤਾ। ਹਫ਼ਤਾ-ਦਸ ਦਿਨ ਉਹ ਹਸਪਤਾਲ ਵਿੱਚ ਰਿਹਾ ਤੇ ਫੇਰ ਪਿੰਡ ਆ ਗਿਆ। ਸਮੇਂ ਤੇ ਜਾ ਕੇ ਪਲੱਸਤਰ ਖੁੱਲਵਾ ਆਇਆ। ਲੱਤ ਦਾ ਦਰਦ ਠੀਕ ਹੋ ਗਿਆ। ਗਿੱਟਾ ਸੰਢਿਆ ਗਿਆ, ਪਰ ਜ਼ੋਰ ਦਾ ਕੰਮ ਕਰਨ ਲਈ ਉਹ ਸਾਰੀ ਉਮਰ ਵਾਸਤੇ ਨਿਕਾਰਾ ਹੋ ਚੁੱਕਿਆ ਸੀ।

ਛੱਪੜੀ ਵਿਹੜਾ


93