ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਧੰਦਾ ਕਰਵਾ ਦਿੰਦੈ। ਮੁਖਤਿਆਰੋ ਨੇ ਹੁੰਗਾਰਾ ਭਰਿਆ।

ਅਜੇ ਤਾਂ ਚੌੜ ਕਰਦੈ, ਜਦੋਂ ਕੰਮ ਗਲ ਪਿਆ, ਫੇਰ ਆਉ ਨਾਨੀ ਯਾਦ। ਹੁਣ ਇਹਨੂੰ ਕੀ ਪਤੈ, ਕਬੀਲਦਾਰੀ ਕੀ ਹੁੰਦੀ ਐ। ਮੈਨੂੰ ਦੇਖ ਲੈ, ਜਿਉਂ ਫਸਿਆ ਏਸ ਕੜਿੱਕੀ ’ਚ ਸਾਰੀ ਉਮਰ ਕਦੇ ਸੁੱਖ ਦਾ ਸਾਹ ਲੈ ਕੇ ਨੀਂ ਦੇਖਿਆ। ਭੂਤਨੀ ਭੁੱਲੀ ਰਹਿੰਦੀ ਐ।’ ਜਬਰਾ ਆਪਣੀ ਗੱਲ ਲੈ ਕੇ ਬੈਠ ਗਿਆ।

‘ਤੇਰੀ ਤੇਰੇ ਨਾਲ ਲੰਘ ਗੀ, ਇਹਦੀ ਇਹ ਜਾਣੂ। ਹਰ ਕਿਸੇ ਦੀ ਇੱਕੋ ਜ਼ੀ ਜ਼ਿੰਦਗੀ ਥੋੜ੍ਹਾ ਹੁੰਦੀ ਐ। ਮੇਰੇ ਪੁੱਤ ਨੇ ਤਾਂ ਐਸ਼ ਕਰਨੀ ਐ। ਮੁਖਤਿਆਰੋ ਨੇ ਨਾਲ ਪਏ ਬੂਟੇ ਨੂੰ ਬੁੱਕਲ ਵਿੱਚ ਘੁੱਟ ਲਿਆ।

ਐਸ਼? ਜਬਰਾ ਹੱਸਣ ਲੱਗਿਆ।

‘ਹਾਂ, ਦੇਖ ਨੀਂ, ਤੇਰੇ ਸਾਹਮਣੇ ਐ। ਮਾਮੇ 'ਤੇ ਜਾਊ। ਮਾਮਾ ਕਰਦੈ ਨਾ ਸਰਦਾਰੀ। ਪਿੰਡ 'ਚ ਸਾਰੇ ਲੋਕ ਉਹਦੀ ਇੱਜ਼ਤ-ਮਾਣ ਕਰਦੇ ਐ। ਲਾ ਜੱਟਾਂ ਤੋਂ, ਲਾ ਬਾਣੀਆਂ ਤੋਂ। ਕੰਮ ਵੀ ਕਿਹੜਾ ਔਖਾ ਕਰਦੈ। ਬੱਸ ਮੰਡੀਆਂ 'ਤੇ ਰਹਿੰਦੈ। ਤਿੰਨ ਮਹੀਆ ਵੇਚਤੀਆਂ, ਚਾਰ ਖਰੀਦ ਲੀਆਂ। ਵਗਲ ਮਾਰ ਕੇ ਫਿਰਨੀ ਤੇ ਵੱਡਾ ਘਰ ਪਾ ਛੱਡਿਐ। ਕਿਸੇ ਜੱਟ ਦਾ ਨੀਂ ਏਹੋ ਜਿਹਾ। ਪੂਰੀ ਸਰਦਾਰੀ ਐ, ਮੇਰੇ ਭਾਈ ਦੀ। ਆਪਣੇ ਭਰਾ ਦੀ ਉਹ ਵਧਾ ਚੜ੍ਹਾ ਕੇ ਵਡਿਆਈ ਕਰਨ 'ਤੇ ਉਤਰ ਆਈ।

‘ਚੱਲ ਮਾਮੇ ਨੂੰ ਛੱਡ, ਆਪਾਂ ਕੀ ਸਾਲੇ ਦੇ ਖਾਣ ਜਾਣੈ।'

'ਤੂੰ ਕਿਸੇ ਨੂੰ ਕਿੰਨਾ ਕੁ ਖੁਆ ’ਤਾ?'

‘ਆਪਾਂ ਕੀ ਖੁਆ ਦੇਣੈ, ਗਰੀਬਾਂ ਨੇ, ਮੈਂ ਤਾਂ ਊਂ ਗੱਲ ਕਰਦਾ। ਬਈ ਆਪਾਂ ਉਹਦੀ ਸਰਦਾਰੀ ਤੋਂ ਕੀ ਲੈਣੈ। ਆਪਾਂ ਤਾਂ ਆਵਦੀ ਗੱਲ ਕਰੀਏ।'

‘ਨਾ ਫੇਰ ਮੱਚਦਾ ਕਾਹਨੂੰ ਐ, ਮੇਰੇ ਭਾਈ ਤੇ?'

‘ਲੈ ਫੇਰ, ਹੈ ਦੇਖ।'

‘ਦੇਖ ਕੀ, ਜਬਾ ਸੰਭਾਲ ਕੇ ਬੋਲਿਆ ਕਰ।'

‘ਦੇਖ ਓਏ, ਤਾਹਾਂ ਦੀ ਤਾਹਾਂ ਚੜ੍ਹਦੀ ਜਾਂਦੀ ਐ।

ਹੁਣ ਮੁਖਤਿਆਰੋ ਚੁੱਪ ਸੀ। ਚੁੱਪ-ਚਾਪ ਹੀ ਆਪਣੇ ਖੇਸ ਦੀ ਤਹਿ ਖੋਲ੍ਹ ਕੇ ਉੱਤੇ ਲੈਣ ਲੱਗੀ। ਜਬਰਾ ਮੰਜੇ 'ਤੇ ਬੈਠਾ ਹੋ ਗਿਆ। ਮੁਖਤਿਆਰੋ ਦੀ ਚੁੱਪ ਉਹਨੂੰ ਚੁਭਣ ਲੱਗੀ ਤੇ ਫੇਰ ਕਾਫ਼ੀ ਦੇਰ ਬੈਠਾ ਉਹ ਆਪਣੇ ਕੇਸਾਂ ਵਿੱਚ ਖੁਰਕ ਕਰਦਾ ਰਿਹਾ। ਕੇਸ ਖੋਲ੍ਹੇ ਤੇ ਉਂਗਲਾਂ ਦੀ ਕੰਘੀ ਕਰਕੇ ਦੁਬਾਰੇ ਜੂੜਾ ਕਰਨ ਲੱਗਿਆ। ਮੁਖਤਿਆਰੋ ਚੁੱਪ ਚਾਪ ਸਿੱਧੀ ਪਈ ਹੋਈ ਸੀ ਤੇ ਫੇਰ ਉਸ ਨੇ ਪਾਸਾ ਮਾਰ ਕੇ ਬੂਟੇ ਵੱਲ ਮੂੰਹ ਕਰ ਲਿਆ।

ਜਬਰੇ ਨੇ ਤਰਲਾ ਲਿਆ-ਬੋਲਦੀ ਨੀਂ?'

ਮੁਖਤਿਆਰੋ ਬੋਲੀ ਨਹੀਂ। ਉਹ ਸੁੱਤੀ ਵੀ ਨਹੀਂ। ਮੂਤਰ-ਮੂਤਰ ਝਾਕ ਰਹੀ ਸੀ।

ਉਹ ਫੇਰ ਬੋਲਿਆ, "ਮਖਿਆ, ਸੁਣਦੀ ਐ?'

‘ਹਾਂ, ਦੱਸ ਕੀਹ ਐਂ ਸੁਣਨ ਨੂੰ? ਜਿਵੇਂ ਉਹ ਅੱਕ ਕੇ ਬੋਲੀ ਹੋਵੇ।

ਬੂਟੇ ਨੂੰ ਇੱਕ ਬੱਕਰੀ ਨਾ ਲੈ ਦੀਏ?'

‘ਬੱਕਰੀ ਦਾ ਕੀ ਕਰਨੈ ਇਹਨੇ?' ਉਹ ਸਹਿਜ-ਸੁਭਾਅ ਬੋਲੀ।

96

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ