ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕੀਤੇ, ਕਰਜ਼ਾ ਸ਼ਾਹ ਦਿਨ ਚੜ੍ਹਦੇ ਨਾਲ ਹੀ ਉਨ੍ਹਾਂ ਦੇ ਬਾਰ ਮੂਹਰੇ ਆ ਕੇ ਸੋਟੀ ਖੜਕਾ ਦਿੰਦਾ। ਚਿੱਟੇ ਕੁੜਤੇ, ਚਿੱਟੇ ਸਾਫ਼ੇ ਤੇ ਚਿੱਟੀ ਧੋਤੀ ਵਾਲਾ ਜੁਆਲਾ ਸ਼ਾਹ ਬਾਰ ਮੂਹਰੇ ਖੜ੍ਹਿਆ ਜਬਰੇ ਨੂੰ ਇਉਂ ਲੱਗਦਾ, ਜਿਵੇਂ ਕੋਈ ਜਮਦੂਤ ਉਹਦੀ ਜਾਨ ਕੱਢਣ ਆ ਗਿਆ ਹੋਵੇ। ਹਾੜੀ-ਸਉਣੀ ਵਿੱਚ ਜਦੋਂ ਕਦੇ ਜੁਆਲਾ ਸ਼ਾਹ ਹੱਥ ਵਿੱਚ ਬੇਰੀ ਦੀ ਸੋਟੀ ਫੜੀ ਉਹਨੂੰ ਖੜ੍ਹਾ ਕੇ ਉਹਦਾ ਹਾਲ-ਚਾਲ ਪੁੱਛਦਾ ਹੈ ਤੇ ਜਬਰੇ ਨੂੰ ਜਿਵੇਂ ਕੋਈ ਗੱਲ ਹੀ ਨਹੀਂ ਔੜਦੀ। ਉਹਨੂੰ ਭੈਅ ਆਉਣ ਲੱਗਦਾ ਹੈ, ਕਿਤੇ ਹੁਣ ਵੀ ਉਹ ਆਪਣੀ ਬਹੀ ਕੱਢ ਕੇ ਨਾ ਬੈਠ ਜਾਵੇ।

ਤੇ ਫੇਰ ਨੰਬਰਦਾਰ ਸ਼ਾਮ ਸਿੰਘ ਦੇ ਸੀਰ ਦੇ ਪੈਸੇ। ਕਿੰਨਾ ਔਖਾ ਕੀਤਾ ਸੀ, ਉਨ੍ਹਾਂ ਪੈਸਿਆਂ ਨੇ। ਉਨ੍ਹਾਂ ਪੈਸਿਆਂ ਨੇ ਤਾਂ ਕੀ, ਨੰਬਰਦਾਰ ਦੇ ਮੁੰਡੇ ਕਿਰਪਾਲ ਨੇ ਉਹਨੂੰ ਕਿਵੇਂ ਸੂਲੀ 'ਤੇ ਟੰਗੀ ਰੱਖਿਆ। ਕਿਰਪਾਲ ਉਹਦੇ ਘਰ ਆਉਂਦਾ ਤਾਂ ਉੱਚਾ-ਉੱਚਾ ਬੋਲ ਕੇ ਪੈਸਿਆਂ ਦੀ ਗੱਲ ਕਰਨ ਲੱਗਦਾ। ਜਿਵੇਂ ਸਾਰੇ ਛੱਪੜੀ-ਵਿਹੜੇ ਨੂੰ ਸਣਾਉਂਦਾ ਹੋਵੇ ਅਜਿਹੇ ਸਮੇਂ ਪੈਸਿਆਂ ਦੀ ਗੱਲ ਭੁੱਲ ਕੇ ਉਹਨੂੰ ਕਿਰਪਾਲ ’ਤੇ ਖਿਝ ਚੜ੍ਹਦੀ। ਕਿੰਨਾ ਨਿਰਦਈ ਆਦਮੀ ਸੀ। ਪੈਸੇ ਨਹੀਂ, ਜਿਵੇਂ ਜਾਨ ਲੈਣੀ ਹੋਵੇ। ਉਹ ਨੂੰ ਚੰਗੀ ਤਰ੍ਹਾਂ ਯਾਦ ਸੀ, ਜਿਵੇਂ ਉਹ ਉਨ੍ਹਾਂ ਦੀ ਸੱਜਰ-ਸੂਈ ਗਾਂ ਕਿੱਲ੍ਹੇ ਤੋਂ ਮੱਲੋਂ ਮੱਲੀ ਖੋਲ੍ਹ ਕੇ ਲੈ ਗਿਆ। ਜਿਵੇਂ ਉਹਦੇ ਮੁੰਡੇ ਬੂਟੇ ਦੇ ਮੂੰਹ ਵਿਚੋਂ ਦੁੱਧ ਦੀ ਘੁੱਟ ਸਾਵੀਂ ਦੀ ਸਾਵੀਂ ਬਾਹਰ ਕਢਵਾ ਲਈ ਹੋਵੇ। ਜਿਸ ਦਿਨ ਨੰਬਰਦਾਰ ਦੀ ਬਹੀ ’ਤੇ ਨਾਮੇ ਦਾ ਕਾਟਾ ਵੱਜਿਆ, ਜਬਰੇ ਨੂੰ ਲੱਗਿਆ, ਜਿਵੇਂ ਉਹਦਾ ਦੁਬਾਰਾ ਜਨਮ ਹੋਇਆ ਸੀ। ਜਿਵੇਂ ਉਹ ਇੱਕ ਲੰਬੀ ਕੈਦ ਵਿਚੋਂ ਛੁਟ ਕੇ ਆਇਆ ਹੋਵੇ ਤੇ ਹੁਣ ਜੁਆਲਾ ਸ਼ਾਹ ਤੇ ਨੰਬਰਦਾਰ ਦਾ ਮੁੰਡਾ ਕਿਰਪਾਲ ਉਹਦੀਆਂ ਅੱਖਾਂ ਅੱਗੇ ਪ੍ਰੇਤਾਂ ਵਾਂਗ ਘੁੰਮ ਰਹੇ ਸਨ। ਇੰਝ ਦਾ ਹੀ ਕੋਈ ਤੀਜਾ ਪ੍ਰੇਤ ਉਹਨੂੰ ਟਕਰਨ ਵਾਲਾ ਸੀ, ਪਰ ਉਹ ਸੋਚਦਾ, ਉਹ ਬਹੁਤਾ ਭਾਰ ਨਹੀਂ ਚੁੱਕੇਗਾ। ਉਹ ਆਪਣੇ ਵਿੱਤ ਅਨੁਸਾਰ ਹੀ ਭਾਰ ਥੱਲੇ ਸਿਰ ਦੇਵੇਗਾ।

8

ਕਰਮ ਸਿੰਘ ਦੇ ਕੋਠੇ ਰਾਮਗੜ੍ਹ ਤੋਂ ਡੇਢ-ਦੋ ਮੀਲ ਦੀ ਵਿੱਥ ਤੇ ਸਨ। ਉਨ੍ਹਾਂ ਦਾ ਪੁਰਾਣਾ ਘਰ ਪਿੰਡ ਵਿੱਚ ਸੀ। ਪਰ ਜਦੋਂ ਤੋਂ ਸੜਕ ਨਿਕਲੀ ਤੇ ਮੁਰੱਬਾਬੰਦੀ ਹੋ ਗਈ, ਉਨ੍ਹਾਂ ਨੇ ਖੇਤ ਵਿੱਚ ਹੀ ਆਪਣਾ ਘਰ ਪਾ ਲਿਆ। ਇਸੇ ਥਾਂ ਹੀ ਉਹਦੀ ਚਾਲੀ ਕਿੱਲੇ ਜ਼ਮੀਨ ਦਾ ਟੱਕ ਕੱਟਿਆ ਗਿਆ। ਫੇਰ ਤਾਂ ਉਹਨੇ ਟਰੈਕਟਰ ਵੀ ਲੈ ਲਿਆ। ਕਰਮ ਸਿੰਘ ਦੇ ਤਿੰਨ ਮੁੰਡੇ ਸਨ। ਤਿੰਨੇ ਪੂਰੇ ਕਮਾਊ ਸਨ। ਤਿੰਨਾਂ ਦੀਆਂ ਬਹੂਆਂ ਹੁਣ ਬਾਹਰ ਹੀ ਕੋਠਿਆਂ ਵਿੱਚ ਰਹਿੰਦੀਆਂ ਤੇ ਅਗਾਂਹ ਉਨ੍ਹਾਂ ਦੇ ਜਵਾਕ-ਜੱਲੇ ਸਨ। ਪਿੰਡ ਵਾਲੇ ਘਰ ਵਿੱਚ ਉਹਨੇ ਇੱਕ ਵੱਡਾ ਕਮਰਾ, ਇੱਕ ਵਰਾਂਡਾ ਤੇ ਦੂਜੀ ਗਲੀ ਵਿੱਚ ਖੁੱਲਦਾ ਬਾਰ ਬੈਂਕ ਨੂੰ ਦਿੱਤਾ ਹੋਇਆ ਸੀ। ਅੰਦਰਲੀ ਗਲੀ ਵਿੱਚ ਖੁੱਲ੍ਹਦੇ ਬਾਰ ਵਾਲਾ ਸਾਰਾ ਪਾਸਾ ਉਹਨੇ ਮਾਲ-ਪਟਵਾਰੀ ਨੂੰ ਦੇ ਰੱਖਿਆ ਸੀ। ਪਟਵਾਰੀ ਤੋਂ ਕੋਈ ਕਿਰਾਇਆ ਨਹੀਂ ਲੈਂਦਾ ਸੀ। ਉਹਦੇ ਕੋਲੋਂ ਸੌ ਕੰਮ ਲੈਣੇ ਹੁੰਦੇ। ਪਿੰਡ ਵਿੱਚ ਕਿੰਨੇ ਹੀ ਲੋਕਾਂ ਨਾਲ ਕਰਮ ਸਿੰਘ ਦਾ ਲੈਣ-ਦੇਣ ਚੱਲਦਾ ਸੀ। ਸੋ, ਉਹਨੂੰ ਪਿੰਡ ਵੀ ਗੇੜਾ ਮਾਰਨਾ ਪੈਂਦਾ।

ਛੱਪੜੀ ਵਿਹੜਾ

99