ਪੰਨਾ:ਰਾਵੀ - ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ ਵਾਲਿਆ! ਤੁਰ ਤਾਂ ਚੱਲਿਐਂ, ਇਹ ਨਾ ਕਹਿਰ ਗੁਜ਼ਾਰ ਵੇ ਬੀਬਾ।
ਕੱਲਿਆਂ ਤੋਂ ਨਹੀਂ ਚੁੱਕਿਆ ਜਾਣਾ, ਇੱਕ ਅੱਥਰੂ ਦਾ ਭਾਰ ਵੇ ਬੀਬਾ।

ਤੂੰ ਮੋਹ ਤੋੜ ਕੇ ਜਿੱਧਰ ਚੱਲਿਐਂ, ਇਹ ਗੱਲ ਮੇਰੀ ਚੇਤੇ ਰੱਖੀਂ,
ਫ਼ਰਜ਼ਾਂ ਦੀ ਥਾਂ ਗ਼ਰਜ਼ਾਂ ਵਾਲਾ, ਵਿਸ਼ਗੰਦਲਾ ਸੰਸਾਰ ਵੇ ਬੀਬਾ।

ਮੈਂ ਤੇਰੇ ਸਾਹਾਂ ਵਿੱਚ ਹਾਜ਼ਰ, 'ਵਾਜ਼ ਦਏਂ ਤਾਂ ਹੋ ਜਾਂ ਨਾਜ਼ਰ,
ਟੁੱਟਣੀ ਨਹੀਂਓ ਦਿਲ ਤੋਂ ਦਿਲ ਦੀ, ਇਹ ਅਣਦਿਸਦੀ ਤਾਰ ਵੇ ਬੀਬਾ।

ਹੁਣ ਵੀ ਬੈਠਣ ਮਨ ਦੀ ਮਮਟੀ, ਕੂੰਜਾਂ ਦੇਸ ਦਸੌਰੋਂ ਆ ਕੇ,
ਰੂਹ ਨੂੰ ਸੂਲੀ ਟੰਗ ਜਾਂਦੀ ਏ, ਇਹ ਕਿਰਨਾਂ ਦੀ ਡਾਰ ਵੇ ਬੀਬਾ।

ਚਾਰ ਚੁਫ਼ੇਰੇ ਘੇਰਾ ਘਿਰਿਆ, ਕੱਲ੍ਹੀ ਜਾਨ ਫਸੀ ਵਿੱਚ ਸੋਚਾਂ,
ਇੱਕੋ ਤੰਦ ਮੁਹੱਬਤ ਵਾਲੀ, ਲਾ ਸਕਦੀ ਏ ਪਾਰ ਵੇ ਬੀਬਾ।

ਆਪਣੇ ਮਿਲਣ ਮਸਾਂ ਮਰ ਮਰ ਕੇ, ਪੱਕਦੀ ਵੇਲੇ ਯਾਰ ਅਨੇਕਾਂ,
ਸੌ ਹੱਥ ਰੱਸਾ ਗੰਢ ਸਿਰੇ ਤੇ ਜੀਵਨ ਦਾ ਇਹ ਸਾਰ ਵੇ ਬੀਬਾ।

ਸਾਲ ਛਿਮਾਹੀ ਕਦੇ ਕਦਾਈਂ, ਇਹ ਵੀ ਪੇਸ਼ੀ ਭੁਗਤ ਲਿਆ ਕਰ,
ਰੂਹ ਦੇ ਅਦਲੀ ਰਾਜੇ ਦਾ ਜੋ, ਲੱਗਦਾ ਹੈ ਦਰਬਾਰ ਵੇ ਬੀਬਾ।

100