ਪੰਨਾ:ਰਾਵੀ - ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਚੇਂ ਗੁਲਕੰਦ ਤੂੰ ਗੁਲਾਬ ਨੂੰ ਮਧੋਲ ਕੇ।
ਪੁੱਛਿਆ ਵੀ ਕਰ ਕਦੇ, ਦੁਖ ਸੁਖ ਫ਼ੋਲ ਕੇ।

ਤੇਰੀਆਂ ਬੁਲੰਦੀਆਂ 'ਚ, ਮੇਰਾ ਵੀ ਸ਼ੁਮਾਰ ਹੈ,
ਹਸਤੀ ਨਾ ਮੇਟ ਸਾਡੀ, ਏਸ ਤਰ੍ਹਾਂ ਰੋਲ਼ ਕੇ।

ਤੇਰੀਆਂ ਕਚਹਿਰੀਆਂ 'ਚ, ਹੋਣ ਸਦਾ ਫ਼ੈਸਲੇ,
ਵਿਕੇ ਇਨਸਾਫ਼ ਕਾਹਤੋਂ, ਤੱਕੜੀ 'ਚ ਤੋਲ ਕੇ।

ਪਾਰੇ ਵਾਂਗੂੰ ਕੰਬਦਾ, ਈਮਾਨ ਬੀਬਾ ਸਾਂਭ ਲੈ,
ਮੁੱਕਦੇ ਨਾ ਪੈਂਡੇ ਕਦੇ, ਏਸ ਤਰ੍ਹਾਂ ਡੋਲ ਕੇ।

ਘੁੱਟ ਘੁੱਟ ਜੀਣ ਦੇ, ਸਲੀਕਿਆਂ ਨੂੰ ਭੁੱਲ ਜਾ,
ਦਿਲ ਦੀ ਜ਼ਬਾਨੋਂ ਬੋਲ, ਪੂਰਾ ਦਿਲ ਖੋਲ੍ਹ ਕੇ।

ਡੱਬਿਆਂ 'ਚ ਬੰਦ ਕਸਤੂਰੀ, ਕਿਸੇ ਕਾਰ ਨਾ,
ਮਾਣ ਕਦੇ ਸਾਹਾਂ 'ਚ, ਸੁਗੰਧੀਆਂ ਨੂੰ ਘੋਲ ਕੇ।

ਰੱਖੀਂ ਕਿਰਦਾਰ ਨੂੰ, ਬਾਜ਼ਾਰ ਕੋਲੋਂ ਦੂਰ ਹੀ,
ਦੱਸੀਂ ਨਾ ਪਿਆਰ ਕਦੇ, ਆਪ ਮੁੰਹੋ ਬੋਲ ਕੇ।

74