ਪੰਨਾ:ਰਾਵੀ - ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਜੋ ਸਬਕ ਸਿਖਾਵੇ ਕੁਰਸੀ, ਓਸੇ ਨੂੰ ਦੁਹਰਾਈ ਚੱਲੋ।
ਅੱਧੀ ਰਾਤੀਂ ਚੜ੍ਹਿਆ ਸੂਰਜ, ਅੱਖਾਂ ਮੀਟ ਵਿਖਾਈ ਚੱਲੋ।

ਦਿਨ ਪਰਤਣਗੇ ਸੋਹਣੇ ਸੋਹਣੇ, ਰੰਗ ਬਰੰਗੇ ਤੇ ਮਨਮੋਹਣੇ,
ਜਾਦੂਗਰ ਜੀ! ਧਰਤੀ ਉੱਤੇ, ਅਰਸ਼ੀ ਕਿਲ੍ਹੇ ਬਣਾਈ ਚੱਲੋ।

ਬਚਪਨ ਦੇ ਵਿੱਚ ਸੁਣਿਆ ਸੀ ਮੈਂ, ਇੱਕ ਸਰਕਾਰੀ ਕੁੜਤੇ ਬਾਰੇ,
ਅੱਗਾ ਪਿੱਛਾ ਹੈ ਨਹੀਂ ਜਿਸਦਾ, ਬਾਹਾਂ ਆਪ ਲੁਆਈ ਚੱਲੋ।

ਕਮਜ਼ੋਰਾਂ ਨੂੰ ਘੁਰਕ ਦਿਓ ਤੇ, ਤਕੜੇ ਅੱਗੇ ਪੂਛ ਹਿਲਾਓ,
ਕੁੜ ਦੀ ਹਾਂਡੀ ਮੱਠੀ ਅੱਗ ਤੇ, ਸ਼ਾਮ ਸਵੇਰ ਪਕਾਈ ਚੱਲੋ।

ਲੋਕ ਨਾ ਕੁਸਕਣ ਨਾ ਹੀ ਡੁਸਕਣ, ਮੰਗਣ ਹੱਕ ਨਾ ਬੋਲਣ ਅੱਗੇ,
ਦੇਸ਼ ਧਰਮ ਨੂੰ ਖ਼ਤਰਾ ਕਹਿ ਕੇ, ਢਿਬਰੀ ਖ਼ੂਬ ਘੁੰਮਾਈ ਚੱਲੋ।

ਵਰਤਮਾਨ ਦਾ ਛੱਡੋ ਖਹਿੜਾ, ਬੀਤੇ ਨੂੰ ਵੀ ਗੋਲੀ ਮਾਰੋ,
ਧਰਮ ਕਰਮ ਦੀ ਮਿੱਠੀ ਗੋਲੀ, ਸੁਪਨਾ ਸੁਰਗ ਵਿਖਾਈ ਚੱਲੋ।

ਪਹਿਲਾਂ ਲੋਕ ਬਣਾਓ ਭੇਡਾਂ, ਉੱਨ ਉਤਾਰੋ ਕਰਕੇ ਝੇਡਾਂ,
ਪੰਜੀਂ ਸਾਲੀਂ ਲਾਰੇ ਨਾਅਰੇ, ਲੋਕਾਂ ਨੂੰ ਵਰਤਾਈ ਚੱਲੋ।

75