ਪੰਨਾ:ਰਾਵੀ - ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੰਡ ਵਿਚਾਰੇ ਲੁਕਦੇ ਫਿਰਦੇ, ਆਣ ਚੜ੍ਹੇ ਨੇ ਸ਼ਹਿਰ, ਓ ਰੱਬਾ ਖ਼ੈਰ।
ਰੁੱਖਾਂ ਦੇ ਮੁੱਢ ਫਿਰ ਗਈ ਆਰੀ ਸਿਰ ਤੇ ਸਿਖ਼ਰ ਦੁਪਹਿਰ, ਓ ਰੱਬਾ ਖ਼ੈਰ।

ਕਿੱਧਰ ਤੁਰਿਆ, ਵਕਤ, ਜਵਾਨੀ, ਅਕਲਾਂ ਦਾ ਨਾ ਮੁੱਲ ਦਵਾਨੀ,
ਗਲੀ ਗਲੀ ਵਿੱਚ ਹੋਕਾ, ਲੈ ਲਓ, ਪੁੜੀਆਂ ਦੇ ਵਿੱਚ ਜ਼ਹਿਰ, ਓ ਰੱਬਾ ਖ਼ੈਰ।

ਅੱਖੀਆਂ ਵਿੱਚੋਂ ਅੱਥਰੂ ਮੁੱਕੇ, ਦਰਿਆਵਾਂ ਦੇ ਪਾਣੀ ਸੁੱਕੇ, ਉੱਧੜੇ ਖ਼ਾਬ,
ਤਰੰਗਾਂ ਤੋਂ ਬਿਨ, ਦਿਲ ਦਰਿਆ ਦੀ ਲਹਿਰ, ਓ ਰੱਬਾ ਖ਼ੈਰ।

ਕਦੇ ਕਦੇ ਇੱਕ ਸੁਪਨਾ ਆਵੇ, ਓਹੀ ਮੈਨੂੰ ਆਣ ਜਗਾਵੇ,
ਗਲੀਆਂ ਦੇ ਵਿੱਚ ਕੌਣ ਵਿਲਕਦਾ, ਰਾਤ ਦੇ ਪਿਛਲੇ ਪਹਿਰ ਓ ਰੱਬਾ ਖ਼ੈਰ।

ਥੱਲੇ ਧਰਤੀ ਉੱਤੇ ਅੰਬਰ, ਵਿੱਚ ਵਿਚਾਲੇ ਕੂੜ ਆਡੰਬਰ,
ਅੱਥਰੇ ਘੋੜੇ, ਮਸਤੇ ਹਾਥੀ, ਢਾਹੀ ਜਾਂਦੇ ਕਹਿਰ, ਓ ਰੱਬਾ ਖ਼ੈਰ।

ਵਰੁ ਜਾ ਬੱਦਲਾ ਖੁੱਲ੍ਹ ਕੇ ਵਰੁ ਜਾ, ਟੋਏ ਟਿੱਬੇ ਸਮਤਲ ਕਰ ਜਾ,
ਕਿਉਂ ਅੱਖੀਆਂ ਵਿੱਚ ਲੈ ਕੇ ਫਿਰਦੈਂ, ਸੁਰਮੇ ਰੰਗੀ ਗਹਿਰ, ਓ ਰੱਬਾ ਖ਼ੈਰ।

ਬੜੇ ਉਦਾਸ ਨੇ ਚੌਕੇ ਚੁੱਲ੍ਹੇ, ਅਗਨ ਗਵਾਚੀ ਨੂੰ ਘਰ ਭੁੱਲੇ,
ਉੱਖੜੀ ਉੱਖੜੀ ਚਾਲ ਗ਼ਜ਼ਲ ਦੀ, ਔਖੀ ਨਿਭਣੀ ਬਹਿਰ, ਓ ਰੱਬਾ ਖ਼ੈਰ।

76