ਪੰਨਾ:ਰਾਵੀ - ਗੁਰਭਜਨ ਗਿੱਲ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੁੱਟ ਜਾਵਣ ਤਾਂ ਭੁਰ ਜਾਂਦੇ ਨੇ, ਕਿਣਕਾ ਕਿਣਕਾ ਮਰ ਜਾਂਦੇ ਨੇ।
ਕੇਸਰ ਤੁੱਰੀਆਂ ਜੀਂਦੇ ਰਿਸ਼ਤੇ, ਖ਼ੁਸ਼ਬੂ ਤੇ ਰੰਗ ਭਰ ਜਾਂਦੇ ਨੇ।

ਮੋਹ ਮਮਤਾ ਮਾਇਆ ਦਾ ਸਾਗਰ, ਤਰਦੇ ਤੁਰਦੇ ਬਹੁਤੇ ਲੋਕੀਂ,
ਡੁੱਬ ਜਾਂਦੇ ਨੇ ਏਨਾ ਡੂੰਘੇ, ਲਾਸ਼ ਦੇ ਵਾਂਗੂੰ ਤਰ ਜਾਂਦੇ ਨੇ।

ਜ਼ਿੰਦਗੀ ਦੀ ਰਣਭੂਮੀ ਅੰਦਰ, ਜ਼ਖ਼ਮ ਭਲਾ ਨਹੀਂ ਕਿਸਨੂੰ ਹੁੰਦੇ,
ਜੇ ਖ਼ੁਰਚੋ ਤਾਂ ਰਹਿਣ ਜਿਉਂਦੇ, ਭੁੱਲ ਜਾਉ ਤਾਂ ਭਰ ਜਾਂਦੇ ਨੇ।

ਭਵਸਾਗਰ ਤੋਂ ਪਾਰ ਉਤਾਰਾ, ਸਿਦਕ ਸਹਾਰੇ ਚੁਟਕੀ ਮਾਤਰ,
ਮੇਰੇ ਜਹੇ ਕਮਜ਼ੋਰ ਦਿਲੇ ਤਾਂ, ਕੰਢੇ ਬੈਠੇ ਡਰ ਜਾਂਦੇ ਨੇ।

ਇੱਕੋ ਅੰਬਰ ਭਰਨ ਉਡਾਰੀ, ਪੌਣ ਪਰਿੰਦੇ ਰਹਿਣ ਇਕੱਠੇ,
ਸ਼ਾਮ ਢਲੀ ਤੇ ਵੇਖੋ ਜੀ ਇਹ, ਆਪੋ ਆਪਣੇ ਘਰ ਜਾਂਦੇ ਨੇ।

ਫ਼ਸਲਾਂ ਵਾਲਿਓ! ਅਕਲ ਸਹਾਰੇ, ਆਪਣਾ ਆਪ ਸੰਭਾਲਣ ਸਿੱਖੋ,
ਗ਼ਫ਼ਲਤ ਵਿੱਚ ਹਰਿਆਲੀ ਪੈਲੀ, ਜੰਤ ਜਨੌਰੇ ਚਰ ਜਾਂਦੇ ਨੇ।

ਅਣਖ਼ ਲਈ ਜੀਣਾ ਮਰਨਾ ਸਿੱਖੋ, ਪੈਰ ਟਿਕਾ ਕੇ ਧਰਨਾ ਸਿੱਖੋ,
ਇਸ ਮੰਤਰ ਨੂੰ ਜਾਨਣ ਵਾਲੇ, ਹਰ ਮੰਜ਼ਿਲ ਨੂੰ ਵਰ ਜਾਂਦੇ ਨੇ।

78