ਪੰਨਾ:ਰਾਵੀ - ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਦੀਆਂ ਅਜੇ ਤੀਕ ਆਸਾਂ ਨਹੀਂਓ ਪੁੱਗੀਆਂ।
ਤਿੱਪ ਤਿੱਪ ਚੋਂਦੀਆਂ ਗਰੀਬਾਂ ਦੀਆਂ ਝੁੱਗੀਆਂ।

ਰੂੜ੍ਹੀ ਵਾਲੇ ਢੇਰ ਤੇ ਚੱਟਾਕ ਚਿੱਟੇ ਖਿੜ ਪਏ,
ਹੋਈ ਬਰਸਾਤ ਵੇਖੋ, ਖੁੰਭਾਂ ਕਿਵੇਂ ਉੱਗੀਆਂ।

ਮੋਤੀਆਂ ਦੀ ਚੋਗ ਦਾ ਭੁਲੇਖਾ ਖਾਧਾ ਹੰਸ ਨੇ,
ਕੰਕਣੀ ਤੇ ਰੀਝ ਗਈਆਂ ਭੋਲੀਆਂ ਨੇ ਘੁੱਗੀਆਂ।

ਤੋਤਿਆਂ ਦੀ ਡਾਰ ਨੂੰ ਉਡਾਓ ਬਾਗਾਂ ਵਾਲਿਓ,
ਅੰਬੀਆਂ ਨੂੰ ਟੁੱਕਦੇ, ਵਜਾਓ ਡੁਗ ਡੁੱਗੀਆਂ।

ਮਮਤਾ ਬਗੀਚੀ ਵਿੱਚੋਂ ਛਾਵਾਂ ਕੌਣ ਲੈ ਗਿਆ,
ਧਰਤੀ 'ਚੋਂ ਧੀਆਂ ਤੇ ਧਰੇਕਾਂ ਕੀਹਨੇ ਖੁੱਗੀਆਂ।

ਅਜੇ ਵੀ ਹੈ ਵਿਹੜੇ 'ਚ ਅਲਾਣੀ ਮੰਜੀ ਸਹਿਕਦੀ,
ਘਰ ਦੀ ਸਵਾਣੀ ਦੀਆਂ ਬਾਹਾਂ ਅਜੇ ਲੁੱਗੀਆਂ।

ਕੂੜ ਵਾਲੀ ਕੰਧ ਨੂੰ ਮਿਟਾਓ, ਸੱਚ ਵਾਲਿਓ,
ਏਸ ਦੀਆਂ ਜਾਪਦੈ, ਮਿਆਦਾਂ ਹੁਣ ਪੁੱਗੀਆਂ।

79