ਪੰਨਾ:ਰਾਵੀ - ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੁੱਬ ਚੱਲਿਆ ਹਾਂ ਵਾਹਵਾ ਡੂੰਘਾ, ਦਿਲ ਦਰਿਆ ਵਿੱਚ ਤਰਦਾ ਤਰਦਾ।
ਹਾਏ! ਮੇਰੀ ਜਾਨ ਬਚਾ ਲੈ, ਮੁੜ ਕੇ ਇਹ ਗਲਤੀ ਨਹੀਂ ਕਰਦਾ।

ਮਾਨਸਰਾਂ ਦੇ ਮੋਤੀ ਚੁਗਣੇ, ਰੀਸ ਹੰਸ ਦੀ ਕਿਉਂ ਕਰ ਬੈਠਾ,
ਗਲ਼ ਦੇ ਅੰਦਰ ਬੁਰਕੀ ਫਸ ਗਈ, ਬਚਿਆ ਹਾਂ ਅੱਜ ਮਰਦਾ ਮਰਦਾ।

ਇੱਕ ਹੁੰਗਾਰਾ ਭਰ ਕੇ ਮਗਰੋਂ, ਮੂੰਹ ਤੇ ਲਾ ਲਏ ਚੁੱਪ ਦੇ ਜੰਦਰੇ,
ਤੇਰੀ ਇਸ ਮਗਰੂਰੀ ਸਦਕਾ, ਹੁਣ ਇਹ ਦਿਲ ਹਰਜਾਨੇ ਭਰਦਾ।

ਦਿਲ ਦਰਵੇਸ਼ਾਂ ਦਾ ਮੈਂ ਖ਼ਾਦਿਮ, ਹੰਕਾਰੀ ਦੀ ਛਾਂ ਨਹੀਂ ਬਹਿੰਦਾ,
ਤੂੰ ਤੇ ਬਾਲ ਸਖਾਈ ਸੱਜਣ, ਤੇਰੇ ਤੋਂ ਕਿਸ ਗੱਲ ਦਾ ਪਰਦਾ।

ਰਾਤ ਹਨ੍ਹੇਰੀ ਅੰਦਰ ਮੈਂ ਤਾਂ, ਬਣਿਆ ਭੰਬਟ ਲਾਟ ਦੇ ਉੱਤੇ,
ਜਾਨ ਨਿਛਾਵਰ ਜੇ ਨਾ ਕਰਦਾ, ਰੂਹ ਦੇ ਨਸ਼ਤਰ ਕਿੱਦਾਂ ਜਰਦਾ।

ਇੱਕ ਛੱਤ ਹੇਠਾਂ ਬਾਰਾਂ ਚੁੱਲ੍ਹੇ, ਆਪੋ ਆਪਣੀ ਅੱਗ ਦੇ ਰਾਖੇ,
ਏਸ ਤਰ੍ਹਾਂ ਦੀ ਭੰਨਘੜ ਕੋਲੋਂ, ਬਾਬਰ ਜਾਬਰ ਵੀ ਕਿਉਂ ਡਰਦਾ।

ਜੇ ਪੰਜਾਬ ਵਿਕਾਊ ਹੈ ਅੱਜ, ਇਸ ਵਿੱਚ ਤੂੰ ਤੇ ਮੈਂ ਵੀ ਦੋਸ਼ੀ,
ਚਾਰ ਚੁਫ਼ੇਰ ਹਜ਼ਾਰਾਂ ਦੁਸ਼ਮਣ, ਕੱਲ੍ਹਾ ਸੀ ਉਹ, ਦੱਸ ਕੀ ਕਰਦਾ?

80