ਸਮੱਗਰੀ 'ਤੇ ਜਾਓ

ਪੰਨਾ:ਰਾਵੀ - ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਤ ਹਨ੍ਹੇਰੀ ਅੰਦਰ ਦਗਦੇ, ਮਸਤੀ ਦੇ ਵਿੱਚ ਹੋ ਕੇ ਖੀਵੇ।
ਹੋਰ ਨਹੀਂ ਕੁਝ ਖ਼ੁਸ਼ਬੂ ਜਹੀਏ, ਇਹ ਤਾਂ ਦੋ ਨੈਣਾਂ ਦੇ ਦੀਵੇ।

ਅਜਬ ਜਹੀ ਕੁਝ ਮੇਰੇ ਸੰਗ ਹੈ, ਇਸ ਚਾਨਣ ਦੀ ਰਿਸ਼ਤੇਦਾਰੀ,
ਹੋਰ ਕਿਤੇ ਰੁਸ਼ਨਾਈ ਵੰਡੇ, ਮੇਰਾ ਖ਼ੂਨ ਜਿਗਰ ਦਾ ਪੀਵੇ।

ਕੈਂਚੀ ਵਾਲੇ ਰਾਜ ਕਰਨ, ਤੇ ਸੂਈਆਂ ਵਾਲੇ ਫਿਰਨ ਬਾਜ਼ਾਰੀਂ,
ਸਿਰ ਤੋਂ ਪੈਰ ਲੰਗਾਰੀ ਜ਼ਿੰਦਗੀ, ਲੀਰਾਂ ਟੁਕੜੇ ਨਾ ਕੋਈ ਸੀਵੇ।

ਬਾਗਬਾਨ ਜੀ, ਸੋਚ ਵਿਚਾਰੋ, ਜ਼ਿੰਦਗੀ ਨੂੰ ਉਪਰਾਮ ਕਰੋ ਨਾ,
ਬਾਗ ਬਗੀਚਾ ਆਸਾਂ ਵਾਲਾ, ਹਿੰਮਤ ਦੇ ਸਿਰ ਜੁਗ ਜੁਗ ਜੀਵੇ।

ਕੱਚੇ ਘਰ ਤੇ ਪੱਕੇ ਰਿਸ਼ਤੇ, ਲਾਉਂਦੇ ਦੁੱਖ ਦਰਿਆ ਵਿੱਚ ਤਾਰੀ,
ਪੱਕੇ ਘਰ ਨੇ ਕੱਲ੍ਹ ਮੁ ਕੱਲ੍ਹੇ, ਅੰਦਰੋਂ ਸੱਖਣੇ, ਬਾਹਰੋਂ ਖੀਵੇ।

ਹੁਣ ਸੁਕਰਾਤ ਸਿਆਣਾ ਹੋਵੇ, ਹੁਕਮਰਾਨ ਨੂੰ ਇਹ ਤਾਂ ਪੁੱਛੇ,
ਜੇ ਇਨਸਾਫ਼ ਗੁਲਾਮ ਹੀ ਰਹਿਣਾ, ਉਹ ਕਿਉਂ ਜ਼ਹਿਰ ਪਿਆਲਾ ਪੀਵੇ?

ਮਿੱਟੀ ਦੇ ਭਗਵਾਨ ਬਣਾ ਕੇ, ਵੇਚ ਰਿਹਾ ਘੁਮਿਆਰ ਚੀਨ ਦਾ,
ਸ਼ਹਿਰ ਬਨੇਰੇ ਲਿਸ਼ਕਣ ਲੜੀਆਂ, ਦਿਸਦੇ ਨਹੀਂ ਮਿੱਟੀ ਦੇ ਦੀਵੇ।

81