ਪੰਨਾ:ਰਾਵੀ - ਗੁਰਭਜਨ ਗਿੱਲ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਏਥੇ ਰਹਿ ਰਿਹਾਂ, ਪਰ ਸੱਚ ਪੁੱਛੋ, ਜੀਅ ਨਹੀਂ ਲੱਗਦਾ।
ਅਜਬ ਬੇਗਾਨਗੀ ਹੈ, ਵਤਨ ਮੇਰਾ ਹੀ ਨਹੀਂ ਲੱਗਦਾ।

ਕਦੇ ਵੀ ਰਿਸ਼ਤਿਆਂ ਨੂੰ, ਨਾਮ ਦੇ ਬੰਧਨ 'ਚ ਨਾ ਬੰਨ੍ਹੀਂ,
ਹਮੇਸ਼ਾਂ ਯਾਦ ਰੱਖੀਂ ਇਹ, ਤੂੰ ਮੇਰਾ ਕੀਹ ਨਹੀਂ ਲੱਗਦਾ।

ਯਕੀਨਨ ਏਸ ਰਾਹ ਤੂੰ, ਬਹੁਤ ਵਾਰੀ ਗੁਜ਼ਰਿਆ ਹੋਣੈਂ,
ਇਕੱਲੇ ਆਦਮੀ ਦਾ ਸਫ਼ਰ ਓਦਾਂ ਲੀਹ ਨਹੀਂ ਲੱਗਦਾ।

ਤੁਸੀਂ ਉੱਨੀ ਤੇ ਇੱਕੀ ਵਿੱਚ ਹੀ ਉਲਝਾ ਲਿਆ ਮੈਨੂੰ,
ਤੁਹਾਡੀ ਸੋਚ ਅੰਦਰ ਇੱਕ ਹਿੰਦਸਾ ਵੀਹ ਨਹੀਂ ਲੱਗਦਾ।

ਨਿਰੰਤਰ ਹੋ ਰਹੀ ਭਰਮਾਂ ਦੀ ਖੇਤੀ ਵੇਖ ਇਉਂ ਲੱਗੇ,
ਕਿਸੇ ਵੀ ਸਾਂਭਿਆ ਧਰਮਾਂ ਦਾ ਸੁੱਚਾ ਬੀਅ ਨਹੀਂ ਲੱਗਦਾ।

ਅਗਨ ਤਾਂ ਜ਼ਿੰਦਗੀ ਦੇ ਨਕਸ਼ ਡੌਲਣਹਾਰ ਸ਼ਕਤੀ ਹੈ,
ਨਿਰੰਤਰ ਮਘ ਰਹੇ ਸੂਰਜ ਦੇ ਪਿੱਛੇ ਸੀ ਨਹੀਂ ਲੱਗਦਾ।

ਤੁਸੀਂ ਪਾਣੀ ਤਾਂ ਪਾਓ, ਫੇਰ ਫ਼ਲ ਫੁੱਲ ਖੂਬ ਮਹਿਕਣਗੇ,
ਭਲਾ ਜੀ! ਆਸ ਦੇ ਬੂਟੇ ਨੂੰ, ਦੱਸੋ ਕੀਹ ਨਹੀਂ ਲੱਗਦਾ?

82