ਪੰਨਾ:ਰਾਵੀ - ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨ ਚੜ੍ਹਿਆ ਹੈ, ਸੂਰਜ ਵਿੱਚੋਂ ਤੇਰੇ ਨਕਸ਼ ਨਿਹਾਰ ਰਿਹਾ ਹਾਂ।
ਕਿਰਨਾਂ ਵਿੱਚੋਂ ਤੇਰਾ ਚਿਹਰਾ, ਧੜਕਣ ਵਿੱਚ ਉਤਾਰ ਰਿਹਾ ਹਾਂ।

ਤੇਰੀ ਨਾਭੀ ਵਿੱਚ ਕਸਤੂਰੀ, ਏਦਾਂ ਕੁਝ ਮਹਿਸੂਸ ਕਰਾਂ ਮੈਂ,
ਮਹਿਕ ਦੁਆਰੇ ਪਹੁੰਚਣ ਦੇ ਲਈ ਆਪਣੇ ਪੰਖ ਪਸਾਰ ਰਿਹਾ ਹਾਂ।

ਬਣ ਗਏ ਜੋ ਅੰਬਰ ਦੇ ਤਾਰੇ, ਜਿੰਨੇ ਮੇਰੇ ਯਾਰ ਪਿਆਰੇ,
ਹਰ ਸਾਹ ਗੇੜੇ ਯਾਦ ਕਰਾਂ ਮੈਂ, ਦਮ ਦਮ ਚੀਖ਼ ਪੁਕਾਰ ਰਿਹਾ ਹਾਂ।

ਇੱਕ ਅੱਧ ਕਿਰਨ ਉਧਾਰੀ ਦੇ ਦੇ ਨੀ ਖ਼ੁਸ਼ਬੋਈਏ ਰੂਪਵੰਤੀਏ,
ਵਿੱਚ ਹਨ੍ਹੇਰੇ ਘਿਰਿਆ ਹਾਂ ਮੈਂ, ਤੈਨੂੰ ਵਾਜਾਂ ਮਾਰ ਰਿਹਾ ਹਾਂ।

ਲੂੰ ਲੂੰ ਕਣ ਕਣ ਵਿੱਚ ਖ਼ੁਸ਼ਬੋਈ, ਜਿਸ ਰਿਸ਼ਤੇ ਦਾ ਨਾਮ ਨਾ ਕੋਈ,
ਸੱਚ ਪੁੱਛੇ ਤਾਂ ਜੀਣ ਜੋਗੀਏ, ਓਹੀ ਕੁਝ ਵਿਸਥਾਰ ਰਿਹਾ ਹਾਂ।

ਸਮਝ ਪਵੇ ਨਾ ਏਸ ਅਗਨ ਦੀ, ਇਕ ਪਲ ਜੋਗੀ ਦੂਜੇ ਭੋਗੀ,
ਮਾਰ ਤਰੌਂਕਾ ਸ਼ਬਦ ਸੁਨੇਹ ਦਾ, ਏਹੀ ਅੰਦਰੋਂ ਮਾਰ ਰਿਹਾ ਹਾਂ।

ਮੈਨੂੰ ਭੇਤ ਜ਼ਰਾ ਨਹੀਂ ਲੱਗਿਆ, ਕੀਕਣ ਠੱਗਿਆ ਦਿਲ ਮੇਰਾ ਤੂੰ,
ਸਿਰਫ਼ ਤਸੱਲੀ ਏਨੀ, ਤੇਰੇ ਦਿਲ ਦੇ ਅੰਦਰਵਾਰ ਰਿਹਾ ਹਾਂ।

87