ਪੰਨਾ:ਰਾਵੀ - ਗੁਰਭਜਨ ਗਿੱਲ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਰਾਤੀਂ ਮੈਂ ਸੁਪਨੇ ਅੰਦਰ ਹੱਸਦਾ ਹੱਸਦਾ ਰੱਜ ਕੇ ਰੋਇਆ।
ਦਿਨ ਚੜ੍ਹਿਆ ਤੇ ਬੜਾ ਸੋਚਿਆ, ਸੁੱਤੇ ਸੁੱਤੇ ਇਹ ਕੀ ਹੋਇਆ।

ਇੰਜ ਲੱਗਦਾ ਸੀ ਜਿਸਮ ਜਿਊਂਦਾ, ਅੰਦਰ ਹੈ ਕੁਝ ਮਰਦਾ ਜਾਂਦਾ,
ਖੁੱਲ੍ਹੀ ਅੱਖ ਤੇ ਭਰਮ ਤਿੜਕਿਆ, ਸਾਲਮ ਸੀ ਮੈਂ ਨਵਾਂ ਨਰੋਇਆ।

ਵੰਨ ਸੁਵੰਨੇ ਉੱਡਣੇ ਪੰਛੀ ਬੰਨ੍ਹ ਕਤਾਰਾਂ ਕਿੱਥੋਂ ਆ ਗਏ,
ਚੋਗ ਚੁਗਣ ਦਾ ਇੱਛਿਆਧਾਰੀ, ਝੁਰਮਟ ਮੈਨੂੰ ਘੇਰ ਖਲੋਇਆ।

ਨੀਂਦਰ ਉੱਖੜੀ ਫੇਰ ਪਈ ਨਾ, ਸੋਚਾਂ ਵਿੱਚ ਸੀ ਤਲਖ਼ ਸਮੁੰਦਰ,
ਇਉਂ ਲੱਗਿਆ ਕਿ ਮੇਰਾ ਹੀ ਕੋਈ, ਦੂਰ ਦੁਰਾਡੇ ਹੁਬਕੀਂ ਰੋਇਆ।

ਅਜਬ ਵਤੀਰਾ ਤੱਕਿਆ ਹੈ ਮੈਂ, ਕੁਰਸੀ ਨਾਲ ਮਿਲੇ ਨੇ ਧਰਮੀ,
ਸੰਕਟ ਵੇਲੇ ਇਨ੍ਹਾਂ ਰਲ਼ ਕੇ, ਸਾਡਾ ਖੂਨ ਬਰੂਹੀਂ ਹੋਇਆ।

ਵਕਤ ਮਿਲੇ ਤਾਂ ਗਿਣਤੀ ਕਰਨਾ, ਧਰਮ ਕਰਮ ਇਖ਼ਲਾਕ ਸੁਣੇ ਹੀ,
ਜੋ ਕੁਝ ਮਰਦਾਂ ਅੰਦਰ ਚਾਹੀਏ, ਸਾਡੇ ਵਿੱਚੋਂ ਕੀ ਕੁਝ ਮੋਇਆ?

ਤੇਰੇ ਅੰਦਰ ਕਿੰਨਾ ਲਾਵਾ, ਦਿਲ ਵਿੱਚ ਤੜਪੇ, ਦਸਤਕ ਦੇਵੇ,
ਅੱਥਰੂ ਬਣ ਕਿਉਂ ਵਹਿ ਜਾਂਦਾ ਏ, ਦੱਸ ਤਾਂ ਸਹੀ ਅੱਖੀਆਂ ਦੇ ਕੋਇਆ।

88