ਪੰਨਾ:ਰਾਵੀ - ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇੜੀ ਅੰਦਰ ਚੋਰ ਮਘੋਰੇ, ਨਾ ਚੱਪੂ ਨਾ ਦਿਸੇ ਖਵੱਈਆ।
ਚੜ੍ਹਿਆ ਦਰਿਆ ਸ਼ੂਕ ਰਿਹਾ ਹੈ, ਸਣੇ ਮੱਲਾਹ ਦੇ ਡੋਲੇ ਨੱਈਆ।

ਸੂਫ਼ੀ ਵੀ ਹੁਣ ਬੈਠ ਗਏ ਨੇ, ਝਾਂਜਰ ਪਾ ਕੇ ਸ਼ਹਿਰ ਬਾਜ਼ਾਰੀਂ,
ਟਿਕਟਾਂ ਲਾ ਕੇ ਵੇਚ ਰਹੇ ਨੇ, ਬੁੱਲ੍ਹੇ ਸ਼ਾਹ ਦਾ ਥੱਈਆ ਥੱਈਆ।

ਬੰਦੇ ਦਾ ਪੁੱਤ ਕਿੱਧਰ ਤੁਰਿਆ, ਵਿਕਿਆ ਹੈ ਜਾਂ ਵਿਕ ਜਾਵੇਗਾ,
ਇਸ ਮੰਡੀ ਹਰ ਵਸਤ ਵਿਕਾਊ, ਬਣਿਆ ਸਭ ਦਾ ਬਾਪ ਰੁਪੱਈਆ।

ਬਿੰਦਰਾਬਨ 'ਚੋਂ ਬਾਹਰ ਖਲੋ ਕੇ, ਲੋਕ ਮੁਕਤੀਆਂ ਦੀ ਗੱਲ ਤੋਰੇ,
ਕਿੱਥੋਂ ਤੁਰ ਕੇ ਕਿੱਥੇ ਪੁੱਜਾ, ਸਾਡੇ ਯੁਗ ਦਾ ਲਾਲ ਘਨੱਈਆ*।

ਵੇਖ ਲਵੋ ਮਿੱਟੀ ਦੀ ਤਾਕਤ, ਬਾਬਰ ਜਾਬਰ ਤੁਰਤ ਸਮੇਟੇ,
ਸੂਲੀ ਉੱਤੇ ਚੜ੍ਹਦੇ ਸੂਰੇ, ਯਾਦ ਕਰੇ ਮਗਰੋਂ ਮੁਲਖਈਆ।

ਜ਼ਾਤਪਾਤ ਦੇ ਸੰਗਲ ਪੱਕੇ, ਟੁੱਟਦੇ ਹੀ ਨਾ ਸਮਿਆਂ ਕੋਲੋਂ,
ਰੰਗ ਨਸਲ ਦੇ ਤੰਦੂਆ ਜਾਲੋਂ, ਕਦ ਛੁੱਟਣੀ ਇਹ ਧਰਤੀ ਮੱਈਆ।

ਨਾ ਮਿਰਦੰਗ, ਸਰੋਦ, ਸਿਤਾਰਾਂ, ਨਾ ਤੂੰਬੀ, ਅਲਗੋਜ਼ੇ ਦਿਸਦੇ,
ਕਿੱਧਰ ਗਿਆ ਸਾਜ਼ੀਨਾ ਏਥੇ, ਦਿਸਦਾ ਨਾ ਕੋਈ ਸਾਜ਼ ਵਜੱਈਆ।

*ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦਾ ਸੁਚੇਤ ਵਿਦਿਆਰਥੀ ਆਗੂ

89