ਪੰਨਾ:ਰਾਵੀ - ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੱਧਰ ਤੁਰ ਗਏ ਯਾਰ ਪੁਰਾਣੇ ਲੱਭਦੇ ਨਹੀਂ।
ਨਾ ਸਾਲਮ ਨਾ ਅੱਧੋਰਾਣੇ ਲੱਭਦੇ ਨਹੀਂ।

ਨਾ ਧੁੱਪਾਂ ਨਾ ਛਾਵਾਂ ਕਿਧਰੇ ਲੱਭਦੀਆਂ ਨੇ,
ਸੱਜਣ ਬੇਲੀ ਦਰਦ ਰੰਝਾਣੇ ਲੱਭਦੇ ਨਹੀਂ।

ਅੰਬਰ ਗੰਗਾ ਕੰਢੇ ਵੱਗ ਵੀ ਚੁਗਦੇ ਨਾ,
ਰਾਤ ਦਿਨੇ ਉਹ ਵਕਤ ਸੁਹਾਣੇ ਲੱਭਦੇ ਨਹੀਂ।

ਜ਼ਿੰਦਗੀ ਵਾਲੀ ਤਾਣੀ ਅੰਦਰ ਗੁੰਝਲਾਂ ਨੇ,
ਸਿੱਧੇ ਸਾਦੇ ਪੇਟੇ ਤਾਣੇ ਲੱਭਦੇ ਨਹੀਂ।

ਕੁੜੀਆਂ ਚਿੜੀਆਂ ਦੀ ਤਾਂ ਚਿੰਤਾ ਕਰਦੇ ਹਾਂ,
ਨਾ ਧਰਤੀ ਨਾ ਚੋਗਾ, ਦਾਣੇ ਲੱਭਦੇ ਨਹੀਂ।

ਆਪੋ ਆਪਣੇ ਪਿੰਡ ਦੇ ਨਕਸ਼ੇ, ਲੱਭਦੇ ਹਾਂ,
ਸ਼ਹਿਰ ਵਟਾਲੇ, ਤੇ ਲੁਧਿਆਣੇ ਲੱਭਦੇ ਨਹੀਂ।

ਪਤਾ ਨਹੀਂ ਮੈਂ, ਕਿੱਥੇ ਗੁੰਮ ਗਵਾਚ ਗਿਆਂ,
ਹੁਣੇ ਹੁਣੇ ਹੀ ਜੋ ਪਲ ਮਾਣੇ, ਲੱਭਦੇ ਨਹੀਂ।

90