ਪੰਨਾ:ਰਾਵੀ - ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਕਤ ਬਦਲਦਾ ਹੈ ਜਦ ਅੱਖੀਆਂ, ਸੱਚਮੁੱਚ ਭੇਤ ਜ਼ਰਾ ਨਹੀਂ ਲੱਗਦਾ।
ਡੌਰ ਭੌਰਿਆ ਫਿਰਦਾ ਬੰਦਾ, ਹਾਸਾ ਬਣ ਜਾਂਦਾ ਹੈ ਜੱਗ ਦਾ।

ਕੁੱਲ ਦੁਨੀਆਂ ਲਈ ਅੰਨ ਦਾਤਾ ਸੀ, ਅੱਜ ਖ਼ੁਦ ਅਲਖ਼ ਜਗਾਉਂਦਾ ਫਿਰਦਾ,
ਸ਼ਮਲੇ ਵਾਲਾ ਕਮਲ਼ਾ ਹੋਇਆ, ਗਲ਼ ਵਿੱਚ ਫਾਹ ਹੈ ਆਪਣੀ ਪੱਗ ਦਾ।

ਹੁਕਮਰਾਨ ਕਿਉਂ ਹਾਲੇ ਤੱਕ ਵੀ, ਵੇਖ ਰਿਹਾ ਹੈ ਵਾਂਗ ਤਮਾਸ਼ੇ,
ਕਿਉਂ ਅੰਦਾਜ਼ਾ ਲਾਉਂਦਾ ਨਾ ਇਹ, ਲੱਕੜੀਆਂ ਵਿੱਚ ਬੈਠੀ ਅੱਗ ਦਾ।

ਕਿੰਨੇ ਜ਼ਹਿਰ ਪਿਆਲੇ ਪੀ ਲਏ, ਇਸ ਧਰਤੀ ਦੇ ਪਾਲਣਹਾਰੇ,
ਕਿਉਂ ਨਹੀਂ ਪੜ੍ਹਦੇ ਕੁਰਸੀਧਾਰੀ, ਵਰਕਾ ਵਰਕਾ ਮੂੰਹ ਦੀ ਝੱਗ ਦਾ।

ਮੇਰੇ ਬਾਬੇ ਆਖੇ ਲੱਗ ਕੇ, ਸੱਜਣ ਠੱਗ ਸੀ ਭਗਤ ਬਣ ਗਿਆ,
ਹੁਣ ਇਹ ਕੁੜਮ ਕਬੀਲਾ ਕਿਸਦਾ, ਦਿਨ ਦੀਵੀਂ ਜੋ ਲੁੱਟਦਾ ਠੱਗਦਾ।

ਕਈ ਵਾਰੀ ਤਾਂ ਇਉਂ ਲੱਗਦਾ ਹੈ, ਪਸ਼ੂਆਂ ਵਾਲੇ ਵਾੜੇ ਵਿੱਚ ਹਾਂ,
ਉਸ ਪਾਸੇ ਹੀ ਤੁਰ ਪੈਂਦੇ ਹਾਂ, ਜਿੱਧਰ ਹਿੱਕਦਾ ਵਾਗੀ ਵੱਗ ਦਾ।

ਸੁਣਿਆ ਸੀ ਕਿ ਕਾਠ ਦੀ ਹਾਂਡੀ, ਦੂਜੀ ਵਾਰ ਨਹੀਂ ਚੜ੍ਹਦੀ ਜੀ,
ਚਾਨਣ ਦੀ ਇੱਕ ਲੀਕ ਦੇ ਅੱਗੇ, ਗੂੜ੍ਹ ਹਨ੍ਹੇਰ ਕਦੇ ਨਹੀਂ ਤੱਗਦਾ।

91