ਪੰਨਾ:ਰਾਵੀ - ਗੁਰਭਜਨ ਗਿੱਲ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ! ਕਿੰਨੇ ਕੁ ਰਹਿੰਦੇ ਹੋਰ ਹਾਲੇ ਇਮਤਿਹਾਨ।
ਤੰਦ ਢਿੱਲੀ ਕਰ ਦਿਆ ਕਰ, ਟੁੱਟ ਨਾ ਜਾਵੇ ਕਮਾਨ।

ਸੁਪਨ ਨਗਰੀ ਵਿੱਚ ਰਹਿ ਕੇ, ਇਹ ਤੇ ਹੁਣ ਮੈਂ ਜਾਣਦਾਂ,
ਬਹੁਤ ਔਖੇ ਸਾਂਭਣੇ ਹਨ, ਖ੍ਵਾਬ ਨੇ ਕੱਚ ਦਾ ਸਮਾਨ।

ਲਹਿ ਗਿਆ ਹੈ ਸਾਲ ਇੱਕ, ਕਰਜ਼ਾ ਪੁਰਾਣਾ ਲਹਿ ਗਿਆ,
ਹੁਣ ਨਵਾਂ ਇਹ ਸਾਲ ਕਿਧਰੇ, ਟੰਗ ਦਏ ਨਾ ਫੇਰ ਜਾਨ।

ਧੁੰਦ ਵਿੱਚ ਗੁੰਮਿਆ ਹੈ ਸੂਰਜ, ਬਹੁਤ ਫਿੱਕੀ ਰੌਸ਼ਨੀ,
ਵਰਕਿਆਂ ਤੇ ਸ਼ਬਦ ਸੁੱਤੇ, ਜਿਉਂ ਨਹੀਂ ਇਨ੍ਹਾਂ ਚ ਜਾਨ।

ਫੇਰ ਹੋਕਾ ਦੇ ਰਿਹਾ ਹਾਂ, ਜਾਗਦੇ ਰਹੋ ਜਾਗਦੇ,
ਕਿਸ ਤਰ੍ਹਾਂ ਰੁਲ਼ਿਆ ਰੁਪੱਈਆ, ਨਾ ਰਿਹਾ ਖੀਸੇ 'ਚ ਭਾਨ।

ਪੱਤਿਆਂ ਦੇ ਵਾਂਗ ਟੰਗੇ, ਧਰਤੀ ਪੁੱਤਰ ਪੁੱਛਦੇ,
ਖ਼ੁਦਕੁਸ਼ੀ ਮਾਰਗ ਤੇ ਤੋਰੋਗੇ, ਭਲਾ ਕਦ ਤੱਕ ਕਿਸਾਨ।

ਲੋਕ ਨਾ ਕਿਉਂ ਜਾਗਦੇ ਤੇ ਇੰਜ ਕਿਉਂ ਨਾ ਕੂਕਦੇ,
ਸਾਡਿਆਂ ਹੱਕਾਂ ਤੇ ਡਾਕਾ ਮਾਰਦਾ ਹੈ ਹੁਕਮਰਾਨ।

92