ਪੰਨਾ:ਰਾਵੀ - ਗੁਰਭਜਨ ਗਿੱਲ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ ਦੇ ਪੈਰਾਂ ਥੱਲੇ ਜੰਨਤ, ਸਣੀ ਨਹੀਂ ਮੈਂ, ਜਾਣ ਲਈ ਹੈ।
ਅਸਲ ਹਕੀਕਤ ਦਨੀਆਂ ਫਿਰ ਕੇ, ਆਖ਼ਰ ਨੂੰ ਪਹਿਚਾਨ ਲਈ ਹੈ।

ਸ਼ਬਦ ਸਿਰਜਣਾ ਸੁਰ ਦੀ ਕੀਮਤ, ਲੋਰੀ ਅੱਗੇ ਕੁਝ ਵੀ ਨਹੀਉਂ,
ਮਾਂ ਦੀ ਗੋਦੀ ਅੰਦਰ ਬਹਿ ਕੇ, ਮੈਂ ਇਹ ਖ਼ੁਸ਼ਬੂ ਮਾਣ ਲਈ ਹੈ।

ਕੀਹ ਦੱਸਾਂ ਮੈਂ ਮਨ ਦੀ ਹਾਲਤ, ਉਸ ਵੇਲੇ ਤੋਂ ਤੜਪ ਰਿਹਾ ਹਾਂ,
ਜਿਹੜੇ ਦਿਨ ਤੋਂ ਮਾਂ ਮੇਰੀ ਨੇ ਚੁੱਪ ਦੀ ਚਾਦਰ ਤਾਣ ਲਈ ਹੈ।

ਲੱਭਦੇ ਨਹੀਂਉਂ ਲਾਲ ਗੁਆਚੇ, ਕਿਰ ਜਾਵਣ ਜਦ ਮਾਣਕ ਮੋਤੀ,
ਲੱਭਦੇ ਲੱਭਦੇ ਕੁੱਲ ਦੁਨੀਆਂ ਦੀ, ਮਿੱਟੀ ਵੀ ਮੈਂ ਛਾਣ ਲਈ ਹੈ।

ਤੂੰ ਜੋ ਸਬਕ ਸਿਖਾਇਆ ਮੈਨੂੰ, ਵਿੱਸਰਿਆ ਸੀ, ਤਾਂ ਹੀ ਦੁੱਖ ਸੀ,
ਹੁਣ ਮੈਂ ਗੰਢ ਸੰਭਾਲ ਕੇ ਰੱਖੂੰ, ਪੱਕੀ ਮਨ ਵਿੱਚ ਠਾਨ ਲਈ ਹੈ।

ਇਸਦੇ ਅਰਥ ਗੁਆਚ ਗਏ ਸੀ, ਮਾਂ ਮੇਰੀ ਨੇ ਲੱਭ ਕੇ ਦਿੱਤੇ,
ਸਮਝੀ ਨਾ ਤੂੰ ਸ਼ਬਦ ਨਿਗੂਣਾ, ਇਹ ਕੇਵਲ ਗੁਣਗਾਨ ਲਈ ਹੈ।

ਮਾਂ ਤੇਰੇ ਚਰਨਾਂ ਵਿੱਚ ਭੇਟਾ, ਇਹ ਸਤਰਾਂ ਪਰਵਾਨ ਕਰੀਂ ਤੂੰ,
ਧਰਤੀ ਧਰਮ ਬਰਾਬਰ ਹੈਂ ਤੂੰ, ਇਹ ਗੱਲ ਕਰ ਪਰਵਾਨ ਲਈ ਹੈ।

94