ਸਮੱਗਰੀ 'ਤੇ ਜਾਓ

ਪੰਨਾ:ਰਾਵੀ - ਗੁਰਭਜਨ ਗਿੱਲ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕਤੰਤਰ ਝਾਕਦਾ ਹੈ, ਲੰਘ ਚੱਲੀ ਜਨਵਰੀ।
ਏਸ ਦੇ ਵੱਲ ਵੇਖਿਆ ਨਾ, ਓਸ ਨੇ ਤਾਂ ਸਰਸਰੀ।

ਘਰ ਦੀਆਂ ਲੋੜਾਂ ਤੇ ਥੋੜਾਂ, ਕੌਣ ਵਿਰਲਾਂ ਪੂਰਦਾ,
ਜੂਨ ਕਾਂਬਾ ਛੇੜਦੀ ਹੈ, ਸੇਕ ਮਾਰੇ ਜਨਵਰੀ।

ਪਿੰਡ ਦੇ ਕੱਚੇ ਘਰਾਂ ਨੂੰ ਨੇਤਾ ਨਾ ਹੁਣ ਗੌਲਦਾ,
ਸਿਰ ਤੇ ਦਿੱਲੀ ਚੌਰ ਝੁੱਲੇ, ਫ਼ਰਸ਼ ਪੈਰੀਂ ਮਰਮਰੀ।

ਇਹ ਵਤੀਰਾ ਬਹੁਤ ਵਾਰੀ ਯਾਦ ਕਰਕੇ ਸੋਚਦਾਂ,
ਕਿਉਂ ਭਲਾ ਜੀ ਤਖ਼ਤ ਕਰਦੇ, ਹਰ ਸਮੇਂ ਹੀ ਬਰਬਰੀ*।

ਬਾਬਰਾਂ ਤੋਂ ਅੱਜ ਤੀਕਰ ਸਾਰੇ ਹਾਕਮ ਕਿਉਂ ਭਲਾ,
ਧਰਮ ਨੂੰ ਹੀ ਵਰਤਦੇ ਨੇ ਕਹਿ ਕੇ ਆਈਨੇ ਅਕਬਰੀ।**

ਜਦ ਮਿਲੇ ਸ਼ਕਤੀ ਨਿਰੁੰਕਸ਼ ਰਾਜ ਨੂੰ ਜਾਂ ਧਰਮ ਨੂੰ,
ਆਖਦੇ ਨੇ ਜੋ ਕਿਹਾ ਮੈਂ, ਇਹ ਹੈ ਫਤਵਾ ਆਖ਼ਰੀ।

ਵੇਖ ਲਉ ਸਾਡੀ ਸਿਆਣਪ, ਸੱਚ ਲੁਕਦਾ ਫਿਰ ਰਿਹਾ,
ਨਾ ਰਿਹਾ, ਹੇ ਰਾਮ ਜੀ! ਘਰ, ਨਾ ਹੀ ਮਸਜਿਦ ਬਾਬਰੀ।

* ਜ਼ੁਲਮ, ** ਅਕਬਰ ਵੇਲੇ ਦਾ ਇਨਸਾਫ਼ ਵਿਧਾਨ

95