ਪੰਨਾ:ਰਾਵੀ - ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਖ਼ ਗੁਲਾਬਾਂ ਦੇ ਬਾਗ਼ਾਂ ਵਿੱਚ, ਪੀਲ਼ੀ ਰੁੱਤ ਵੀ ਆ ਜਾਂਦੀ ਹੈ।
ਗੁਰਬਤ ਜੀਕੂੰ ਖੜ੍ਹੇ ਖਲੋਤੇ, ਸਾਬਤ ਬੰਦੇ ਖਾ ਜਾਂਦੀ ਹੈ।

ਤਨ ਦੀ ਮਿੱਟੀ ਪਾਲਣ ਖ਼ਾਤਰ, ਮਨ ਦੇ ਮੌਸਮ ਗਿਰਵੀ ਕਰਨੇ,
ਵੇਖ ਲਵੋ ਇੱਕ ਬੁਰਕੀ ਸਾਨੂੰ, ਕਿੰਨੇ ਸਬਕ ਸਿਖਾ ਜਾਂਦੀ ਹੈ।

ਰੂਹ ਦੀ ਸ਼ਕਤੀ, ਯਾਰ ਗੁਆਚੇ, ਵਕਤ ਵਿਹਾ ਕੇ ਚੇਤੇ ਆਉਂਦੇ,
ਪਾਰ ਸਮੁੰਦਰ ਜਾ ਕੇ ਹੀ ਕਿਉਂ, ਯਾਦ ਚਿਤਵਣੀ ਲਾ ਜਾਂਦੀ ਹੈ।

ਵਿਰਸਾ, ਮਾਣ ਮੁਹੱਬਤ ਯਾਰਾ, ਮਹਿੰਗੀ ਪੂੰਜੀ ਥੋੜੇ ਸਾਂਭਣ,
ਬਹੁਤਿਆਂ ਨੂੰ ਤਾਂ ਕਣਕ ਦੀ ਰੋਟੀ ਭੋਰ ਭੋਰ ਕੇ ਖਾ ਜਾਂਦੀ ਹੈ।

ਬਹੁਤੀ ਚਿੰਤਾ ਕਰਿਆ ਨਾ ਕਰ, ਜੇ ਮੰਡੀ ਵਿੱਚ ਆ ਬੈਠਾ ਏਂ,
ਏਥੇ ਤਾਂ ਬਈ ਨਮਦਾ ਬੁੱਧੀ, ਅਕਲ ਦੀ ਕੀਮਤ ਲਾ ਜਾਂਦੀ ਹੈ।

ਉੱਡਣਾ ਪੁੱਡਣਾ ਮਨ ਦਾ ਪੰਛੀ, ਟਾਹਣੀ ਟਾਹਣੀ ਬਹਿੰਦਾ ਫਿਰਦੈ,
ਬਿਰਤੀ ਜਦੋਂ ਵਿਕਾਊ ਹੋ ਜੇ, ਸਭ ਨੂੰ ਪਿੰਜਰੇ ਪਾ ਜਾਂਦੀ ਹੈ।

ਇੱਕ ਮਾਰਗ ਦੇ ਪਾਂਧੀ ਆਪਾਂ, ਭਾਵੇਂ ਵੱਖਰੇ ਤੌਰ ਤਰੀਕੇ,
ਝੁਰੀਏ ਨਾ ਜੇ ਤੁਰਦੇ ਰਹੀਏ, ਮੰਜ਼ਿਲ ਨੇੜੇ ਆ ਜਾਂਦੀ ਹੈ।

96