ਪੰਨਾ:ਰਾਵੀ - ਗੁਰਭਜਨ ਗਿੱਲ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਜ਼ਰ ਭਰ ਤੂੰ ਵੇਖਿਆ, ਮੁੜ ਦਿਲ ਦੀਵਾਨਾ ਹੋ ਗਿਆ।
ਵਿੱਛੜਿਆਂ ਤੇਰੇ ਤੋਂ ਭਾਵੇਂ, ਇੱਕ ਜ਼ਮਾਨਾ ਹੋ ਗਿਆ।

ਵੇਖ ਲੈ ਬਿਨ ਬੋਲਿਆਂ ਤੋਂ, ਇਹ ਮੁਹੱਬਤ ਦਾ ਕਮਾਲ,
ਫ਼ਰਸ਼ ਬਣ ਗਈ ਧਰਤ, ਅੰਬਰ ਸ਼ਾਮਿਆਨਾ ਹੋ ਗਿਆ।

ਜ਼ਿੰਦਗੀ ਦੁਸ਼ਵਾਰ ਰਾਹੀਂ, ਤੋਰਦੀ ਹੈ ਜਦ ਕਦੇ,
ਜਾਪਦੈ ਇਹ ਜਿਸਮ ਵੀ, ਮਨ ਤੋਂ ਬੇਗਾਨਾ ਹੋ ਗਿਆ।

ਸੱਖਣੀ ਦੀਵਾਰ ਉੱਤੇ, ਮੋਰ ਨਾ ਹੁਣ ਬੂਟੀਆਂ,
ਘਰ ਰਹੇ ਨਾ ਘਰ, ਇਹ ਜਾਪਣ ਕੈਦ ਖ਼ਾਨਾ ਹੋ ਗਿਆ।

ਫ਼ਿਰਕਿਆਂ ਵਿੱਚ ਚੀਰਿਆ ਹੈ, ਇਸ ਤਰ੍ਹਾਂ ਕਿਉਂ ਰਾਹਬਰੋ,
ਓਪਰਾ ਕਿਉਂ ਇਸ ਤਰ੍ਹਾਂ, ਕੌਮੀ ਤਰਾਨਾ ਹੋ ਗਿਆ।

ਐਟਮੀ ਬਾਰੂਦ ਚੁੱਕੀ ਫਿਰ ਰਹੇ ਨੇ, ਤਾਜ਼ਦਾਰ,
ਅਮਨ ਦੀ ਰਾਖੀ ਦੀ ਖ਼ਾਤਰ, ਕੀ ਬਹਾਨਾ ਹੋ ਗਿਆ।

ਮੇਰੇ ਮਗਰੋਂ ਸ਼ਬਦ ਮੇਰੇ, ਬਾਤ ਸਾਰੀ ਕਹਿਣਗੇ,
ਜਿਸ ਘੜੀ ਇਸ ਜਿਸਮ 'ਚੋਂ, ਮੇਰਾ ਪਿਆਨਾ* ਹੋ ਗਿਆ।

* ਚਲਾਣਾ

99